ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਉਤੇ ਜੁਲਮ ਢਾਹੁਣ ਲਈ ਹਰਿਆਣਾ ਵਿੱਚ ਆਪਣੇ ਹਮਰੁਤਬਾ ਨੂੰ ਕਰੜੇ ਹੱਥੀਂ ਲੈਂਦਿਆਂ ਐਮ.ਐਲ. ਖੱਟਰ ਨੂੰ ਸਪੱਸ਼ਟ ਤੌਰ ਉਤੇ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਖੱਟਰ ਉਤੇ ਝੂਠ ਫੈਲਾਉਣ ਅਤੇ ਉਸ ਮਸਲੇ ਵਿੱਚ ਟੰਗ ਅੜਾਉਣ ਦਾ ਦੋਸ਼ ਲਾਇਆ ਜਿਸ ਦਾ ਉਨ੍ਹਾਂ ਦੇ ਸੂਬੇ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ।
ਮੀਡੀਆ ਨਾਲ ਲੜੀਵਾਰ ਮੁਲਾਕਾਤਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਖੱਟਰ ਇਹ ਝੂਠ ਬੋਲ ਰਿਹਾ ਹੈ ਕਿ ਉਸ ਨੇ ਕਈ ਵਾਰ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਜਵਾਬ ਨਹੀਂ ਦਿੱਤਾ। ਪਰ ਹੁਣ ਉਸ ਨੇ ਮੇਰੇ ਕਿਸਾਨਾਂ ਨਾਲ ਜੋ ਕੁਝ ਕੀਤਾ ਹੈ, ਮੈਂ ਉਸ ਨਾਲ ਬਿਲਕੁਲ ਗੱਲ ਨਹੀਂ ਕਰਨੀ, ਚਾਹੇ 10 ਵਾਰ ਕੋਸ਼ਿਸ਼ ਕਰਕੇ ਦੇਖ ਲਵੇ। ਜਦੋਂ ਤੱਕ ਖੱਟਰ ਮੁਆਫੀ ਨਹੀਂ ਮੰਗਦਾ ਅਤੇ ਇਹ ਨਹੀਂ ਮੰਨ ਲੈਂਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਗਲਤ ਕੀਤਾ, ਮੈਂ ਉਸ ਨੂੰ ਮੁਆਫ਼ ਨਹੀਂ ਕਰਾਂਗਾ।“
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਉਪਰ ਅੱਥਰੂ ਗੈਸ ਛੱਡਣ ਅਤੇ ਲਾਠੀਚਾਰਜ ਕਰਨ ਅਤੇ ਜਲ ਤੋਪਾਂ ਦੀਆਂ ਬੁਛਾੜਾਂ ਮਾਰਨ ਤੋਂ ਬਾਅਦ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ, ਜਿਸ ਕਰਕੇ ਉਨ੍ਹਾਂ ਵੱਲੋਂ ਖੱਟਰ ਨਾਲ ਗੱਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ, ਚਾਹੇ ਉਹ ਗੁਆਂਢੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਉਹ ਕਿਸਾਨਾਂ ਦੇ ਮੁੱਦੇ ਉਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਕਈ ਵਾਰ ਗੱਲ ਕਰ ਸਕਦੇ ਹਨ ਤਾਂ ਉਹ ਆਪਣੇ ਗੁਆਂਢੀ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਪਿੱਛੇ ਕਿਉਂ ਹਟਦੇ, ਜੇਕਰ ਖੱਟਰ ਨੇ ਸੱਚਮੁੱਚ ਹੀ ਰਾਬਤਾ ਕਾਇਮ ਕੀਤਾ ਹੁੰਦਾ।
ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ ਲਾਉਣ ‘ਤੇ ਖੱਟਰ ਉਤੇ ਵਰ੍ਹੇ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੇ ਖੱਟਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕਹਿ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਨੂੰ ਉਕਸਾ ਕੇ ਅੰਦੋਲਨ ਲਈ ਭੜਕਾ ਰਿਹਾ ਹੈ। ਉਨ੍ਹਾਂ ਕਿਹਾ,”ਮੈਂ ਧੁਰ ਅੰਦਰੋਂ ਰਾਸ਼ਟਰਵਾਦੀ ਹਾਂ, ਮੈਂ ਸਰਹੱਦੀ ਸੂਬਾ ਚਲਾਉਂਦਾ ਹਾਂ ਅਤੇ ਅਜਿਹਾ ਕੁੱਝ ਕਦੇ ਵੀ ਨਹੀਂ ਕੀਤਾ, ਜਿਸ ਨਾਲ ਅਮਨ-ਕਾਨੂੰਨ ਦੀ ਵਿਵਸਥਾ ਲਈ ਮੁਸ਼ਕਲ ਪੈਦਾ ਹੁੰਦੀ ਹੋਵੇ।“ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੇ ਪਿਛਲੇ 60 ਦਿਨਾਂ ਤੋਂ ਬਿਨਾਂ ਕਿਸੇ ਸਮੱਸਿਆ ਤੋਂ ਸੂਬੇ ਦੇ ਰੇਲ ਟਰੈਕ ਰੋਕੇ, ਜਿਸ ਨਾਲ ਸੂਬੇ ਨੂੰ 43000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਸਹਿਣਾ ਪਿਆ।
'ਕਿਸਾਨਾਂ ਦੇ ਸੰਘਰਸ਼ ਪਿੱਛੇ ਕੋਈ ਸਿਆਸੀ ਪਾਰਟੀ ਨਹੀਂ, ਅੰਦੋਲਨ ਕਿਸਾਨਾਂ ਦਾ ਸੁਭਾਵਿਕ ਪ੍ਰਤੀਕਰਮ'