ਚੰਡੀਗੜ੍ਹ: ਮਲੇਰਕੋਟਲਾ ਦੀ ਰਹਿਣ ਵਾਲੀ 39 ਸਾਲਾ ਮਹਿਲਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਫੋਨ ਉਤੇ ਤਿੰਨ ਤਲਾਕ ਤੋਂ ਮੈਸੇਜ ਭੇਜ ਦੂਜੇ ਵਿਆਹ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ 'ਤੇ ਪਹਿਲੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਕੇਸ ਦਰਜ ਨਾ ਕਰਨ ਉਤੇ ਪੰਜਾਬ ਸਰਕਾਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਇਹ ਹੈ ਮਾਮਲਾ
ਮਹਿਲਾ ਦੇ ਪਤੀ ਨੇ 20 ਜੂਨ 2020 ਨੂੰ ਉਸ ਨੂੰ ਫੋਨ 'ਤੇ ਵੱਟਸਐਪ ਜ਼ਰੀਏ ਤਲਾਕ ਦੇ ਤਿੰਨ ਮੈਸੇਜ ਭੇਜੇ ਸਨ। ਇਸ ਤੋਂ ਬਾਅਦ ਉਸ ਦੇ ਪਤੀ ਨੇ ਆਪਣੀ ਨਵੀਂ ਪਤਨੀ ਦੇ ਨਾਲ ਫੋਟੋਆਂ ਭੇਜੀਆਂ ਅਤੇ ਨਾਲ ਹੀ ਮੈਰਿਜ ਸਰਟੀਫਿਕੇਟ ਵੀ ਭੇਜਿਆ।
ਦੋਸ਼ੀ ਨੂੰ ਹੋ ਸਕਦੀ ਹੈ ਤਿੰਨ ਸਾਲ ਤੱਕ ਦੀ ਸਜ਼ਾ
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮੁਸਲਿਮ ਮਹਿਲਾਵਾਂ ਦੀ ਸੁਰੱਖਿਆ ਲਈ ਮੁਸਲਿਮ ਵੂਮੈਨ ਪ੍ਰੋਟੈਕਸ਼ਨ ਆਫ਼ ਰਾਈਟਸ ਆਨ ਮੈਰਿਜ ਐਕਟ 2019 ਦੇ ਮੁਤਾਬਕ ਤਲਾਕ ਬੋਲ ਕੇ ਲਿਖ ਕੇ ਜਾਂ ਕਿਸੀ ਇਲੈਕਟ੍ਰੋਨਿਕ ਮਾਧਿਅਮ ਦੇ ਜ਼ਰੀਏ ਨਹੀਂ ਭੇਜ ਸਕਦੇ। ਇਸ ਲਈ ਦੋਸ਼ੀ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਇਸੇ ਕਾਨੂੰਨ ਦੇ ਆਧਾਰ 'ਤੇ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਲਿਹਾਜ਼ਾ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਪਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
9 ਸਾਲ ਪਹਿਲਾ ਹੋਇਆ ਸੀ ਵਿਆਹ
5 ਨਵੰਬਰ 2011 ਨੂੰ ਪੀੜਤ ਮਹਿਲਾ ਦਾ ਵਿਆਹ ਅਬਦੁਲ ਰਸ਼ੀਦ ਨਾਲ ਹੋਇਆ ਸੀ। ਇਸ ਵਿਆਹ ਤੋਂ ਤਿੰਨ ਬੱਚੇ ਹੋਏ। ਵਿਆਹ ਤੋਂ ਬਾਅਦ ਤੋਂ ਹੀ ਦਹੇਜ ਲਈ ਉਸ ਨੂੰ ਸਹੁਰੇ ਪੱਖ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਸੀ। ਕਈ ਵਾਰ ਅਜਿਹਾ ਮੌਕਾ ਆਇਆ ਜਦ ਪੰਚਾਇਤ ਵੀ ਬਿਠਾਈ ਗਈ ਅਤੇ ਸਮਝੌਤਾ ਕਰਵਾਇਆ ਗਿਆ। ਇਸ ਦੌਰਾਨ ਇੱਕ ਵਾਰ ਉਸ ਦੇ ਪਤੀ ਨੇ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਕੁੱਟਿਆ ਵੀ ਸੀ। ਜਿਸ ਦੇ ਚੱਲਦਿਆ ਪਹਿਲਾਂ ਉਹ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਅਤੇ ਫਿਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਵੀ ਰਹੀ। ਇਸ ਮਾਮਲੇ ਨੂੰ ਲੈ ਕੇ ਸੰਗਰੂਰ ਦੇ ਅਮਰਗੜ੍ਹ ਪੁਲਿਸ ਥਾਣੇ ਵਿਚ ਕੇਸ ਵੀ ਦਰਜ ਕੀਤਾ ਗਿਆ ਸੀ ਜਿਸ ਵਿੱਚ ਪੁਲਿਸ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਪਟੀਸ਼ਨਕਰਤਾ ਦੇ ਵਕੀਲ ਫੈਰੀ ਸੋਫਤ ਨੇ ਦੱਸਿਆ ਕਿ ਕੇਂਦਰ ਸਰਕਾਰ 2019 ਵਿੱਚ ਤਿੰਨ ਤਲਾਕ ਵਿੱਚ ਸੋਧ ਕਰ ਕੇ ਲਿਆਇਆ ਹੈ। ਉਸ ਦੀ ਪਾਲਣਾ ਕਰਨਾ ਹਰ ਸੂਬੇ ਦੀ ਜ਼ਿੰਮੇਵਾਰੀ ਹੈ ਅਤੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ।