ਪੰਜਾਬ

punjab

ETV Bharat / state

ਦੂਸ਼ਿਤ ਪਾਣੀ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਮੀਟਿੰਗ, ਸਿਹਤ ਮੰਤਰੀ ਨੇ ਪ੍ਰਬੰਧਾਂ ਉੱਤੇ ਪਾਇਆ ਚਾਨਣ

ਸੂਬੇ ਵਿੱਚ ਦੂਸ਼ਿਤ ਪਾਣੀ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਚਾਰ ਕੈਬਨਿਟ ਮੰਤਰੀਆਂ ਵੱਲੋਂ ਅੰਤਰ-ਵਿਭਾਗੀ ਮੀਟਿੰਗ ਕੀਤੀ ਗਈ। ਇਸ ਦੌਰਾਨ ਅੰਕੜੇ ਪੇਸ਼ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਵਿੱਚ ਹੁਣ ਤੱਕ ਡੇਂਗੂ ਦੇ ਕੁੱਲ 440 ਮਾਮਲੇ ਸਾਹਮਣੇ ਆਏ ਹਨ।

The ministers of Punjab held a meeting to prevent diseases caused by contaminated water and mosquitoes
ਦੂਸ਼ਿਤ ਪਾਣੀ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਮੀਟਿੰਗ, ਸਿਹਤ ਮੰਤਰੀ ਨੇ ਪ੍ਰਬੰਧਾਂ ਉੱਤੇ ਪਾਇਆ ਚਾਨਣ

By

Published : Jul 31, 2023, 10:54 PM IST

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਤਹਿਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬੇ ਵਿੱਚ ਪਾਣੀ ਅਤੇ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ (ਵੈਕਟਰ ਬੋਰਨ ਬਿਮਾਰੀਆਂ) ਦੇ ਫੈਲਾਅ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਵਾਸਤੇ ਅੱਜ ਇੱਥੇ ਅੰਤਰ-ਵਿਭਾਗੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੀ ਮੌਜੂਦ ਸਨ।

ਵਿਭਾਗਾਂ ਨੂੰ ਹਦਾਇਤਾਂ: ਮਲੇਰੀਆ ਅਤੇ ਹੋਰ ਵੈਕਟਰ-ਬੋਰਨ ਬਿਮਾਰੀਆਂ ਦੇ ਵੱਧ ਰਹੇ ਖਤਰੇ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਸਾਰੇ ਵਿਭਾਗਾਂ ਨੂੰ ਇਨ੍ਹਾਂ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਆਖਦਿਆਂ ਕਿਹਾ ਕਿ ਉਹ ਘਰਾਂ, ਦਫ਼ਤਰਾਂ ਵਿੱਚ ਫਰਿੱਜਾਂ ਦੀਆਂ ਟਰੇਆਂ, ਕੂਲਰ, ਕੰਟੇਨਰਾਂ, ਗਮਲਿਆਂ, ਛੱਤਾਂ ਆਦਿ ਸਮੇਤ ਪਾਣੀ ਖੜ੍ਹਾ ਹੋਣ ਦੀ ਸੰਭਾਵਨਾ ਵਾਲੀਆਂ ਸਾਰੀਆਂ ਸੰਭਾਵਿਤ ਥਾਵਾਂ ਨੂੰ ਹਰੇਕ ਸ਼ੁੱਕਰਵਾਰ ਸਾਫ਼ ਕਰਕੇ ਸੁਕਾਉਣ। ਕੈਬਨਿਟ ਮੰਤਰੀਆਂ ਨੇ ਕਿਹਾ ਕਿ ਮੱਛਰਾਂ, ਜੋ ਸਿਰਫ ਇੱਕ ਹਫ਼ਤੇ ਵਿੱਚ ਅੰਡੇ ਤੋਂ ਵਿਕਸਿਤ ਹੋ ਸਕਦੇ ਹਨ, ਦੇ ਪ੍ਰਜਨਨ ਚੱਕਰ ਨੂੰ ਤੋੜਨ ਦਾ ਇਹ ਇੱਕੋ-ਇੱਕ ਤਰੀਕਾ ਹੈ।

855 ਬਰੀਡਿੰਗ ਚੈਕਰਾਂ ਦੀਆਂ ਸੇਵਾਵਾਂ: ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਵੈਕਟਰ-ਬੋਰਨ ਬਿਮਾਰੀਆਂ ਦੇ ਸਬੰਧ ਵਿੱਚ ਸਥਿਤੀ ਇਸ ਸਮੇਂ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪੰਜਾਬ ਵਿੱਚ ਸੀਜ਼ਨ ਦੀ ਸ਼ੁਰੂਆਤ ਤੋਂ ਹੁਣ ਤੱਕ ਡੇਂਗੂ ਦੇ ਕੁੱਲ 440 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਡੇਂਗੂ ਦੇ ਐਕਟਿਵ ਕੇਸਾਂ ਦੀ ਗਿਣਤੀ 114 ਹੈ। ਦੱਸਣਯੋਗ ਹੈ ਕਿ ਹੁਣ ਤੱਕ ਡੇਂਗੂ ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ। ਵਿਭਾਗ ਵੱਲੋਂ ਪੰਜਾਬ ਵਿੱਚ 10 ਹੌਟਸਪੌਟਸ (ਸੰਵੇਦਨਸ਼ੀਲ ਥਾਵਾਂ) ਦੀ ਸ਼ਨਾਖਤ ਕੀਤੀ ਹੈ ਜਿੱਥੇ ਸਿਹਤ ਟੀਮਾਂ ਨੂੰ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਸੂਬੇ ਦੇ ਅਧਿਕਾਰੀਆਂ ਦੁਆਰਾ ਰੋਜ਼ਾਨਾ ਆਧਾਰ 'ਤੇ ਇਸਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 855 ਬਰੀਡਿੰਗ ਚੈਕਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।

ਸਿਹਤ ਮੰਤਰੀ ਨੇ ਮੱਛਰਾਂ ਦੇ ਲਾਰਵੇ 'ਤੇ ਨਜ਼ਰ ਰੱਖਣ ਲਈ ਸਿਹਤ, ਸਥਾਨਕ ਸਰਕਾਰਾਂ, ਜਲ ਸਪਲਾਈ ਤੇ ਸੈਨੀਟੇਸ਼ਨ, ਟਰਾਂਸਪੋਰਟ ਅਤੇ ਪੇਂਡੂ ਵਿਕਾਸ ਵਿਭਾਗਾਂ ਨੂੰ ਵੱਖ-ਵੱਖ ਖੇਤਰਾਂ ਅਤੇ ਰਿਹਾਇਸ਼ਾਂ ਦੀ ਚੈਕਿੰਗ ਲਈ ਗ੍ਰਾਮ ਸਿਹਤ, ਸੈਨੀਟੇਸ਼ਨ ਅਤੇ ਪੋਸ਼ਣ ਕਮੇਟੀਆਂ (ਵੀ.ਐਚ.ਐਸ.ਐਨ.ਸੀਜ਼) ਅਤੇ ਮਹਿਲਾ ਅਰੋਗਿਆ ਸਮਿਤੀ (ਐਮ.ਏ.ਐਸ.) ਨਾਲ ਤਾਲਮੇਲ ਜ਼ਰੀਏ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਸੇ ਵੀ ਉਲੰਘਣਾ ਲਈ ਚਲਾਨ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਦਰਮਿਆਨ ਬਿਹਤਰ ਤਾਲਮੇਲ ਲਈ ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਨੋਡਲ ਅਫ਼ਸਰ ਨਿਯੁਕਤ ਕਰਨ 'ਤੇ ਵੀ ਜ਼ੋਰ ਦਿੱਤਾ।

ਫਲੂ ਅਤੇ ਸਕਿੱਨ ਇਨਫੈਕਸ਼ਨ: ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਕੇਸਾਂ ਵਿੱਚ ਵਾਧਾ ਹੋਣ ਦੀ ਸੂਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ 1300 ਬੈੱਡਾਂ ਵਾਲੇ ਵਿਸ਼ੇਸ਼ ਵਾਰਡ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰੀ ਸਿਹਤ ਸਹੂਲਤਾਂ ਵਿਖੇ ਡੇਂਗੂ ਅਤੇ ਮਲੇਰੀਆ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ ਆਈ ਫਲੂ ਅਤੇ ਸਕਿੱਨ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਦਿਆਂ ਸਿਹਤ ਮੰਤਰੀ ਨੇ ਲੋਕਾਂ ਨੂੰ ਇਸ ਇਨਫੈਕਸ਼ਨ ਤੋਂ ਬਚਾਅ ਲਈ ਕਿਸੇ ਨਾਲ ਹੱਥ ਮਿਲਾਉਣ ਜਾਂ ਜਨਤਕ ਥਾਵਾਂ 'ਤੇ ਕਿਸੇ ਚੀਜ਼ ਨੂੰ ਛੂਹਣ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਹੱਥ ਨਾ ਲਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਅੱਖਾਂ ਨੂੰ ਛੂਹਿਆ ਜਾਵੇ।(ਪ੍ਰੈੱਸ ਨੋਟ)

ABOUT THE AUTHOR

...view details