ਚੰਡੀਗੜ੍ਹ: ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਹੁਣ ਜ਼ੀਰਾ ਸ਼ਰਾਬ ਫੈਕਟਰੀ ਨੂੰ ਤਾਲਾ ਲੱਗ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਦੀ ਆਬੋ-ਹਵਾ ਖਰਾਬ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ। ਜੇਕਰ ਭਵਿੱਖ ਵਿਚ ਕੋਈ ਅਜਿਹਾ ਕਰਨ ਬਾਰੇ ਸੋਚੇਗਾ ਤਾਂ ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਰਕਾਰ ਦੇ ਇਸ ਫ਼ੈਸਲੇ ਨਾਲ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਖੁਸ਼ੀ ਜ਼ਰੂਰ ਮਿਲੀ ਹੋਵੇਗੀ, ਪਰ ਇਸਦੇ ਨਾਲ ਕਈ ਸਵਾਲਾਂ ਦਾ ਘੇਰਾ ਵੀ ਵਿਸ਼ਾਲ ਹੋ ਗਿਆ ਹੈ। ਸਰਕਾਰ ਦੀ ਕਾਰਵਾਈ ਮਗਰੋਂ ਇਹ ਸਵਾਲ ਉੱਠੇ ਰਹੇ ਹਨ ਕਿ ਪੰਜਾਬ ਵਿੱਚ ਬਾਕੀ ਸ਼ਰਾਬ ਫੈਕਟਰੀਆਂ ਦਾ ਕੀ ਹੋਵੇਗਾ ? ਕੀ ਬਾਕੀ ਫੈਕਟਰੀਆਂ ਪ੍ਰਦੂਸ਼ਣ ਨਹੀਂ ਫੈਲਾਉਂਦੀਆਂ ? ਇਸ ਤੋਂ ਪਹਿਲਾਂ ਵੀ ਕਈ ਸ਼ਰਾਬ ਫੈਕਟਰੀਆਂ ਦਾ ਵਿਰੋਧ ਹੋ ਚੁੱਕਾ ਹੈ।
ਪੰਜਾਬ ਵਿਚ ਕਈ ਸ਼ਰਾਬ ਫੈਕਟਰੀਆਂ: ਪੰਜਾਬ ਵਿਚ ਜ਼ੀਰਾ ਸ਼ਰਾਬ ਫੈਕਟਰੀ ਦਾ ਮਸਲਾ ਇਸ ਲਈ ਵੱਡਾ ਹੋ ਗਿਆ ਕਿਉਂਕਿ ਕਈ ਪਿੰਡਾਂ ਦੇ ਲੋਕਾਂ ਦਾ ਇਸ ਫੈਕਟਰੀ ਖ਼ਿਲਾਫ਼ ਪ੍ਰਦਰਸ਼ਨ ਪੰਜਾਬ ਦੇ ਕੋਨੇ-ਕੋਨੇ 'ਚ ਪਹੁੰਚਿਆ। ਇਸ ਤੋਂ ਪਹਿਲਾਂ ਵੀ ਕਈ ਸ਼ਰਾਬ ਫੈਕਟਰੀਆਂ ਦਾ ਪੰਜਾਬ ਵਿੱਚ ਵਿਰੋਧ ਹੋ ਚੁੱਕਾ ਹੈ। ਪਟਿਆਲਾ ਦੇ ਰਾਜਪੁਰਾ ਵਿਚ ਸਥਿਤ ਸ਼ਰਾਬ ਫੈਕਟਰੀ ਲੰਮਾ ਸਮਾਂ ਵਿਵਾਦ ਵਿਚ ਘਿਰੀ ਰਹੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਫੈਕਟਰੀ ਖ਼ਿਲਾਫ਼ ਮੋਰਚਾ ਖੋਲਿਆ। ਲੋਕਾਂ ਨੇ ਪਟਿਆਲਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਕਿ ਸ਼ਰਾਬ ਫੈਕਟਰੀ ਵਿਚੋਂ ਨਿਕਲਦੀ ਰਾਖ ਉਹਨਾਂ ਲਈ ਮੁਸੀਬਤ ਬਣੀ ਹੋਈ ਹੈ। ਇਸ ਰਾਖ ਕਾਰਨ ਜ਼ਮੀਨ ਬੰਜਰ ਹੋ ਰਹੀ ਅਤੇ ਪਾਣੀ ਖਰਾਬ ਹੋ ਰਿਹਾ ਹੈ। ਫਾਜ਼ਿਲਕਾ ਦੇ ਪਿੰਡ ਹੀਰਾਂਵਾਲੀ ਵਿਚ ਸ਼ਰਾਬ ਫੈਕਟਰੀ ਦਾ ਵੀ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ। ਲੋਕਾਂ ਵੱਲੋਂ ਕਾਫ਼ੀ ਸਮਾਂ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਵੀ ਲਗਾਇਆ ਗਿਆ।
ਲਗਾਤਾਰ ਹੋਏ ਵਿਰੋਧ: ਅਪ੍ਰੈਲ 2020 ਵਿਚ ਖੰਨਾ ਦੇ ਪਿੰਡ ਬਹੁਮਾਜਰਾ ਵਿਚ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਭੇਦ ਖੁੱਲ੍ਹਿਆ। ਇਸ ਫੈਕਟਰੀ ਨੇ ਵੀ ਕਈ ਸਵਾਲਾਂ ਨੂੰ ਜਨਮ ਦਿੱਤਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਨੱਕ ਹੇਠ ਇਹ ਫੈਕਟਰੀ ਏਨਾ ਚਿਰ ਚੱਲਦੀ ਕਿਵੇਂ ਰਹੀ। ਇਹ ਫੈਕਟਰੀ ਇੰਝ ਹੀ ਨਹੀਂ ਚੱਲ ਰਹੀ ਸੀ ਬਲਕਿ ਕੱਚਾ ਮਾਲ ਫੈਕਟਰੀ ਵਿਚ ਲਿਆਂਦਾ ਜਾਂਦਾ ਸੀ ਅਤੇ ਵੱਡੀ ਗਿਣਤੀ ਵਿਚ ਸਪਲਾਈ ਵੀ ਹੁੰਦੀ ਸੀ। ਸਾਲ 2021 ਵਿਚ ਜਲੰਧਰ ਦੇ ਨੂਰਪੁਰ ਬਾਗੜੀ ਰੋਡ ਤੇ ਸਥਿਤ ਇੰਡੀਟਰੀਅਲ ਏਰੀਆ ਵਿਚ ਸਥਿਤ ਇਕ ਫੈਕਟਰੀ 'ਤੇ ਐਕਸਾਈਜ਼ ਵਿਭਾਗ ਵੱਲੋਂ ਰੇਡ ਮਾਰੀ ਗਈ ਜਿਥੋਂ ਪਤਾ ਲੱਗਾ ਕਿ ਇਹ ਫੈਕਟਰੀ ਨਕਲੀ ਸ਼ਰਾਬ ਬਣਾਉਣ ਦੀ ਤਿਆਰੀ ਕਰ ਰਹੀ ਸੀ। ਇਸ ਫੈਕਟਰੀ ਦਾ ਸਬੰਧ ਮੌਜੂਦਾ ਵਿਧਾਇਕ ਨਾਲ ਵੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਫੈਕਟਰੀ ਮਾਲਕ ਨੇ ਇਸਨੂੰ ਸੇਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਦੱਸਿਆ।
ਕੀ ਬਾਕੀ ਸ਼ਰਾਬ ਫੈਕਟਰੀਆਂ ਨਾਲ ਨਹੀਂ ਫੈਲਦਾ ਪ੍ਰਦੂਸ਼ਣ ?: ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਅਰਮਾਨਜੋਤ ਬਰਾੜਨਾਲ ਸ਼ਰਾਬ ਫੈਕਟਰੀਆਂ ਰਾਹੀਂ ਪ੍ਰਦੂਸ਼ਣ ਫੈਲਾਏ ਜਾਣ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ— ਜਿੱਥੇ ਵੀ ਇੰਡਸਟਰੀ ਜਾਂ ਉਦਯੋਗ ਸਥਾਪਿਤ ਹੈ ਉੱਥੇ ਪ੍ਰਦੂਸ਼ਣ ਹੁੰਦਾ ਹੀ ਹੁੰਦਾ ਹੈ। ਵਿਸ਼ਵ ਪੱਧਰ 'ਤੇ ਵੀ ਇਹ ਧਾਰਨਾ ਪ੍ਰਚੱਲਿਤ ਹੈ ਕਿ ਉਦਯੋਗਾਂ ਤੋਂ ਪ੍ਰਦੂਸ਼ਣ ਪੈਦਾ ਹੁੰਦਾ ਹੈ। ਪ੍ਰਦੂਸ਼ਣ ਦਾ ਕਾਰਨ ਸਿਰਫ਼ ਸ਼ਰਾਬ ਫੈਕਟਰੀਆਂ ਹੀ ਨਹੀਂ ਹੁੰਦੀਆਂ। ਜਿੰਨੇ ਵੀ ਵਿਕਸਿਤ ਦੇਸ਼ ਹਨ ਉਹਨਾਂ ਦਾ ਵਿਕਾਸ ਉਦਯੋਗ ਉੱਤੇ ਨਿਰਭਰ ਕਰਦਾ ਹੈ ਅਤੇ ਉਦਯੋਗ ਦਾ ਪ੍ਰਦੂਸ਼ਣ ਨਾਲ ਸਿੱਧਾ ਸਬੰਧ ਹੈ। ਇਕ ਪਾਸੇ ਤਾਂ ਅਸੀਂ ਵਿਕਸਿਤ ਹੋਣਾ ਚਾਹੁੰਦੇ ਹਾਂ ਅਤੇ ਪੰਜਾਬ ਵਿਚ ਉਦਯੋਗ ਲਗਾਉਣਾ ਚਾਹੁੰਦੇ ਹਾਂ। ਉਹਨਾਂ ਆਖਿਆ ਕਿ ਸਾਰੇ ਵਿਸ਼ਵ ਵਿਚ ਪੋਲਿਊਟਰ ਟੂ ਪੇਅ ਦਾ ਨਿਯਮ ਲਾਗੂ ਹੈ ਤਾਂ ਫਿਰ ਪੰਜਾਬ ਵਿਚ ਕਿਉਂ ਨਹੀਂ। ਯੂ ਐਨ ਓ ਵੀ ਇਸਨੂੰ ਮਾਨਤਾ ਦਿੰਦਾ ਹੈ।
ਰਾਜਨੀਤੀ ਕਰਕੇ ਪੰਜਾਬ ਵਿਚੋਂ ਉਦਯੋਗ ਹੋਇਆ ਬਾਹਰ:ਸ਼ਰਾਬ ਕਾਰੋਬਾਰੀ ਅਰਮਨਾਜੋਤ ਬਰਾੜ ਦਾ ਕਹਿਣਾ ਹੈ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਵਿਚੋਂ ਇੱਕ ਇੱਕ ਕਰਕੇ ਵੱਡੀਆਂ- ਵੱਡੀਆਂ ਇੰਡਸਟਰੀਆਂ ਪੰਜਾਬ ਵਿਚੋਂ ਬਾਹਰ ਹੋ ਗਈਆਂ। ਭਾਵੇਂ ਕਿ ਉਹ ਕਿਸੇ ਵੀ ਪਾਰਟੀ ਦੇ ਰਾਜਨੀਤਿਕ ਲੀਡਰ ਹੋਣ, ਮੌਜੂਦਾ ਭਾਵੇਂ ਸਾਬਕਾ, ਉਹਨਾਂ ਨੇ ਸੁਸਾਇਟੀ ਨੂੰ ਸਹੀ ਰਸਤੇ ਪਾਇਆ ਹੀ ਨਹੀਂ। ਬਾਕੀ ਸੂਬਿਆਂ ਵਿਚ ਇੰਡਸਟਰੀ ਨੂੰ ਟੈਕਸ ਬੈਨੀਫਿਟ ਮਿਲਦਾ ਹੈ ਪਰ ਪੰਜਾਬ ਵਿਚ ਤਾਕਤ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ। ਵਿਰੋਧੀ ਧਿਰਾਂ ਬਣਕੇ ਮੁੱਦਾ ਚੁੱਕਿਆ ਜਾਂਦਾ ਹੈ ਅਤੇ ਸੱਤਾ ਧਿਰਾਂ ਬਣਕੇ ਬਿਜਨਸ ਵਿਚ ਹਿੱਸੇਦਾਰੀਆਂ ਮੰਗੀਆਂ ਜਾਂਦੀਆਂ ਹਨ ਅਤੇ ਇਸੇ ਕਰਕੇ ਹੀ ਉਦਯੋਗ ਪੰਜਾਬ ਵਿਚੋਂ ਬਾਹਰ ਗਿਆ।