ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਸੁਨੀਲ ਜਾਖੜ ਅਪਣੇ ਅਸਤੀਫ਼ੇ ਦੀ ਪ੍ਰਵਾਨਗੀ ਦੇ ਲਈ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲ ਸਕਦੇ ਹਨ।
ਅਸਤੀਫ਼ੇ ਦੀ ਪ੍ਰਵਾਨਗੀ ਲਈ ਸੋਨੀਆ ਗਾਂਧੀ ਨੂੰ ਮਿਲਣਗੇ ਸੁਨੀਲ ਜਾਖੜ
ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਸੁਨੀਲ ਜਾਖੜ ਆਪਣੇ ਅਸਤੀਫ਼ੇ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਮਿਲ ਸਕਦੇ ਹਨ। ਜਾਖੜ ਨੇ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਆਪਣਾ ਅਸਤੀਫ਼ਾ ਦਿੱਤਾ ਸੀ।
ਸੁਨੀਲ ਜਾਖੜ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਤੋਂ ਭਾਜਪਾ ਨੇਤਾ ਤੇ ਬਾਲੀਵੁਡ ਸਟਾਰ ਸਨੀ ਦਿਓਲ ਤੋਂ ਹਾਰੇ ਸਨ ਜਿਸ ਤੋਂ ਬਾਅਦ ਜਾਖੜ ਨੇ ਕਾਂਗਰਸ ਦੀ ਪ੍ਰਧਾਨਗੀ ਛੱਡਣ ਦਾ ਫ਼ੈਸਲਾ ਕਰ ਲਿਆ ਸੀ। ਪਰ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ ਕਈ ਮੰਤਰੀਆਂ ਨੇ ਜਾਖੜ ਦੇ ਫ਼ੈਸਲੇ ਨਾਲ ਸਹਿਮਤੀ ਨਹੀਂ ਜਤਾਈ ਸੀ।
ਜਾਖੜ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਆਪਣੇ ਅਸਤੀਫ਼ੇ ਦਾ ਐਲਾਨ ਕਰ ਚੁੱਕੇ ਸਨ ਜਿਸ ਕਾਰਨ ਜਾਖੜ ਦੇ ਅਸਤੀਫ਼ੇ ਦੀ ਪ੍ਰਵਾਨਗੀ ਨਹੀਂ ਹੋਈ ਸੀ। ਹੁਣ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਜਾਖੜ ਹੁਣ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹਨ।