ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਦੇ ਮਸਲੇ ਸਮੇਤ ਕਿਸਾਨ ਹਿੱਤਾਂ ਉੱਤੇ ਕੋਈ ਸਮਝੌਤਾ ਨਹੀਂ ਕਰ ਸਕਦੀ ਅਤੇ ਪਾਰਟੀ ਨੇ ਇਨ੍ਹਾਂ ਹਿੱਤਾਂ ਦੀ ਰਾਖੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਕਮਰ ਕੱਸੇ ਕੀਤੇ ਹੋਏ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਯਤਨਾ ਸਦਕਾ ਕਿਸਾਨੀ ਵਸਤਾਂ ਦੀ ਖਰੀਦੋ ਫਰੋਖ਼ਤ ਸਬੰਧੀ ਨਵੇਂ ਐਕਟ ਵਿਚ ਵੀ ਫਸਲਾਂ ਲਈ ਘੱਟੋਂ ਘੱਟ ਸਮਰਥਨ ਮੁੱਲ ਅਤੇ ਖਰੀਦ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕਹਿਣ 'ਤੇ ਹੀ ਪ੍ਰਧਾਨ ਮੰਤਰੀ ਨੇ ਕੇਂਦਰੀ ਖੇਤੀਬੜੀ ਮੰਤਰੀ ਰਾਹੀਂ ਕਿਸਾਨਾਂ ਨੂੰ ਜਨਤਕ ਤੌਰ 'ਤੇ ਸਪਸ਼ਟ ਕੀਤਾ ਗਿਆ ਹੈ ਕਿ ਘੱਟੋ ਸਮਰਥਨ ਮੁੱਲ ਅਤੇ ਫਸਲਾਂ ਦੀ ਯਕੀਨੀ ਖਰੀਦਾਰੀ ਦਾ ਮੌਜੂਦਾ ਪ੍ਰਬੰਧ ਜਾਰੀ ਰਹੇਗਾ ਅਤੇ ਇਸ ਵਿਚ ਕੋਈ ਤਬਦੀਲੀ ਨਹੀਂ ਆਏਗੀ.. "ਫਿਰ ਵੀ ਜੇ ਭਵਿੱਖ ਵਿਚ ਵੀ ਕਦੇ ਕਿਸਾਨੀ ਉਪਜ ਦੇ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਕੋਈ ਖਤਰਾ ਖੜਾ ਕੀਤਾ ਗਿਆ ਤਾਂ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ। ਅਕਾਲੀ ਦਲ ਵੱਡੀ ਤੋਂ ਵੱਡੀ ਕੁਰਬਾਨੀ ਦੇ ਕੇ ਵੀ ਇਸ ਪ੍ਰਬੰਧ ਨੂੰ ਜਾਰੀ ਰਖਵਾਉਣ ਲਈ ਵਚਨਬੱਧ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਨਵੇਂ ਐਕਟ ਦੇ ਵਿਰੋਧ ਕਰਨ ਬਾਰੇ ਚਿੱਟੇ ਦਿਨ ਝੂਠ ਬੋਲ ਰਹੇ ਹਨ ਕਿਓਂਕਿ ਉਨ੍ਹਾ ਦੀ ਸਰਕਾਰ ਵੱਲੋਂ ਇਸ ਐਕਟ ਦੇ ਪ੍ਰਬੰਧ ਨੂੰ ਪਹਿਲੋਂ ਹੀ ਅਗਸਤ 2017 ਵਿੱਚ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਸੁਖਬੀਰ ਸਿੰਘ ਨੇ ਕਿਹਾ ਜੇ ਘੱਟੋ ਸਮਰਥਨ ਮੁੱਲ ਸਮੇਤ ਕਿਸਾਨ ਦੇ ਕਿਸੇ ਹਿੱਤ ਨਾਲ ਕੋਈ ਵੀ ਸਮਝੌਤਾ ਹੋਣ ਦਾ ਖਦਸ਼ਾ ਪੈਦਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਹਿੱਤਾਂ ਦੀ ਰਖਵਾਲੀ ਲਈ ਅੱਗੇ ਆਕੇ ਲੜੇਗਾ।