ਚੰਡੀਗੜ੍ਹ: ਪੰਜਾਬ 'ਚੋਂ ਇਕ ਪਾਸੇ ਨੌਜਵਾਨਾਂ ਦਾ ਸਟੱਡੀ ਵੀਜ਼ੇ 'ਤੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਹੈ, ਤਾਂ ਠੀਕ ਉਸੇ ਥਾਂ ਇਹ ਵੀ ਖਬਰ ਹੈ ਕਿ ਵਿਦੇਸ਼ ਤੋਂ ਵੀ ਵਿੱਦਿਆਰਥੀਆਂ ਪੰਜਾਬ ਪੜ੍ਹਾਈ ਲਈ ਆ ਰਹੇ ਹਨ। ਇਸਦਾ ਖੁਲਾਸਾ ਆਲ ਇੰਡੀਆ ਸਰਵੇ ਆਨ ਹਾਇਰ ਐਜੂਕੇਸ਼ਨ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਦੀ ਮੰਨੀਏ ਤਾਂ ਪੰਜਾਬ ਭਾਰਤ ਦਾ ਦੂਜਾ ਅਜਿਹਾ ਸੂਬਾ ਹੈ, ਜਿਥੇ ਵੱਡੀ ਗਿਣਤੀ ਵਿਚ ਵਿਦੇਸ਼ੀ ਵਿੱਦਿਆਰਥੀ ਪੜ੍ਹਾਈ ਲਈ ਆ ਰਹੇ ਹਨ। ਇਸਦੇ ਕੀ ਕਾਰਣ ਹਨ, ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਅਤੇ ਉੱਚ ਸਿੱਖਿਆ ਮਾਹਿਰ ਵਿਨੋਦ ਚੌਧਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ...
ਇੰਨੇ ਵਿਦਿਆਰਥੀ ਆ ਰਹੇ ਪੜ੍ਹਾਈ:ਗੱਲਬਾਤ ਕਰਦਿਆਂ ਪ੍ਰੋਫੈਸਰ ਵਿਨੋਦ ਚੌਧਰੀ ਨੇ ਕਿਹਾ ਕਿ ਪੰਜਾਬ ਵਿਦੇਸ਼ੀ ਵਿੱਦਿਆਰਥੀਆਂ ਲਈ ਪੜ੍ਹਾਈ ਲਈ ਪਸੰਦੀਦਾ ਸੂਬਾ ਬਣਾ ਰਿਹਾ ਹੈ ਇਕ ਅੰਦਾਜੇ ਮੁਤਾਬਿਕ ਕਰੀਬ 5 ਹਜ਼ਾਰ ਵਿਦਿਆਰਥੀ ਵੱਖ-ਵੱਖ ਦੇਸ਼ਾਂ ਤੋਂ ਪੰਜਾਬ ਵਿਚ ਪੜਾਈ ਕਰਨ ਆ ਰਹੇ ਹਨ। ਪੂਰੇ ਭਾਰਤ ਵਿਚ 50 ਤੋਂ 60 ਹਜ਼ਾਰ ਵਿਦਿਆਰਥੀ ਵਿਦੇਸ਼ਾਂ ਵਿਚੋਂ ਪੜਾਈ ਲਈ ਦਾਖਿਲਾ ਲੈ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਵਿਦੇਸ਼ੀ ਵਿੱਦਿਆਰਥੀਆਂ ਦੀ ਗਿਣਤੀ ਨੂੰ ਬਹੁਤ ਘੱਟ ਦੱਸਿਆ ਹੈ ਕਿਉਂਕਿ ਸਾਡੇ ਦੇਸ਼ ਵਿਚ ਬਹੁਤ ਸਾਰੇ ਵਿੱਦਿਅਕ ਅਦਾਰੇ ਹਨ। ਨਾਲ ਹੀ ਉਨ੍ਹਾਂ ਪੰਜਾਬ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਨੂੰ ਚੰਗਾ ਸੰਕੇਤ ਦੱਸਿਆ ਜੋ ਪੰਜਾਬ ਵਿਚ ਆ ਕੇ ਪੜਾਈ ਕਰਨਾ ਚਾਹੁੰਦੇ ਹਨ।
ਆਰਥਿਕ ਪੱਖੋ ਕਮਜ਼ੋਰ ਵਿਦਿਆਰਥੀ ਆ ਰਹੇ ਪੰਜਾਬ:ਪ੍ਰੋਫੈਸਰ ਵਿਨੋਦ ਨੇ ਕਿਹਾ ਕਿ ਪੰਜਾਬ ਵਿਚ ਪੜਾਈ ਲਈ ਆਉਣ ਵਾਲੇ ਵਿੱਦਿਆਰਥੀ ਜ਼ਿਆਦਾਤਰ ਗਰੀਬ ਦੇਸ਼ਾਂ ਤੋਂ ਆ ਰਹੇ ਹਨ। ਇਹ ਉਨ੍ਹਾਂ ਦੇਸ਼ਾਂ ਤੋਂ ਹਨ ਜਿਹਨਾਂ ਦਾ ਆਰਥਿਕ ਢਾਂਚਾ ਭਾਰਤ ਨਾਲੋਂ ਕਮਜ਼ੋਰ ਹੈ। ਅਫਗਾਨਿਸਤਾਨ, ਮੀਆਂਮਾਰ, ਨੇਪਾਲ, ਦੁਬਈ, ਸੋਮਾਲੀਆ ਅਤੇ ਕੰਬੋਡੀਆ ਵਰਗੇ ਦੇਸ਼ਾਂ ਵਿਚੋਂ ਵਿਦਿਆਰਥੀ ਪਹੁੰਚ ਰਹੇ ਹਨ। ਇਨ੍ਹਾਂ ਵਿੱਦਿਆਰਥੀਆਂ ਦੇ ਇਥੇ ਆਉਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਭਾਰਤ ਵਿਚ ਇਨ੍ਹਾਂ ਲਈ ਪੜਾਈ ਕਾਫ਼ੀ ਸਸਤੀ ਹੁੰਦੀ। ਇਹਨਾਂ ਵਿੱਦਿਆਰਥੀਆਂ ਨੂੰ ਆਸਾਨੀ ਨਾਲ ਵੀਜ਼ਾ ਮਿਲ ਜਾਂਦਾ ਹੈ। ਜੇਕਰ ਸਰਕਾਰ ਇਸ ਪ੍ਰਕਿਰਿਆ ਨੂੰ ਹੋਰ ਵੀ ਸੌਖਾ ਕਰ ਦੇਵੇ ਤਾਂ ਹੋਰ ਵੀ ਹਜ਼ਾਰਾਂ ਹੀ ਵਿਦੇਸ਼ੀ ਵਿੱਦਿਆਰਥੀ ਪੰਜਾਬ ਵਿਚ ਪੜਾਈ ਕਰਨ ਵਾਸਤੇ ਤਿਆਰ ਹਨ।
ਸਰਕਾਰੀ ਅਦਾਰੇ ਕਰਨ ਇਹ ਕੰਮ:ਪੰਜਾਬ ਵਿਚ ਆਉਣ ਵਾਲੇ ਵਿਦੇਸ਼ੀ ਵਿੱਦਿਆਰਥੀਆਂ ਵਿਚੋਂ ਜ਼ਿਆਦਾਤਰ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਦਾਖ਼ਲਾ ਲੈ ਰਹੇ ਹਨ, ਜਿਸਦੇ ਕਾਰਨ ਬਾਰੇ ਗੱਲ ਕਰਦਿਆਂ ਪ੍ਰੋਫੈਸਰ ਵਿਨੋਦ ਨੇ ਦੱਸਿਆ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜ ਵਿਦੇਸ਼ਾਂ ਵਿਚ ਵੱਡੀ ਇਸ਼ਤਿਹਾਰਬਾਜ਼ੀ ਕਰਦੇ ਹਨ ਅਤੇ ਵੱਡੇ ਵੱਡੇ ਮੇਲੇ ਲਗਾਉਂਦੇ ਹਨ, ਜਿਹਨਾਂ ਕਰਕੇ ਵਿਦੇਸ਼ੀ ਵਿੱਦਿਆਰਥੀ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਜ਼ਿਆਦਾ ਆਉਂਦੇ ਹਨ। ਸਰਕਾਰੀ ਅਦਾਰਿਆਂ ਵੱਲੋਂ ਨਾ ਤਾਂ ਐਨਾ ਪੈਸਾ ਖਰਚ ਕੀਤਾ ਜਾਂਦਾ ਹੈ ਅਤੇ ਨਾ ਹੀ ਉਸ ਪੱਧਰ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਜ਼ਿਆਦਾਤਰ ਵਿੱਦਿਆਰਥੀ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਦਾਖਿਲਾ ਲੈਣ ਲਈ ਉਤਸੁਕ ਹੁੰਦੇ ਹਨ ਪਰ ਉਹਨਾਂ ਨੂੰ ਗਿਆਨ ਨਹੀਂ ਹੁੰਦਾ ਅਤੇ ਪ੍ਰਕਿਰਿਆ ਦੀ ਸਮਝ ਨਹੀਂ ਹੁੰਦੀ। ਸਰਕਾਰੀ ਅਦਾਰੇ ਪ੍ਰਾਈਵੇਟ ਦੇ ਮੁਕਾਬਲੇ ਜ਼ਿਆਦਾ ਸਸਤੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਵਿੱਦਿਆਰਥੀ ਅਜਿਹੇ ਵੀ ਹਨ, ਜਿਹਨਾਂ ਨੇ ਪ੍ਰਾਈਵੇ ਅਦਾਰਿਆਂ ਵਿਚ ਦਾਖ਼ਲਾ ਲੈਣ ਤੋਂ ਬਾਅਦ ਸਰਕਾਰੀ ਅਦਾਰਿਆਂ ਵਿਚ ਸ਼ਿਫਟ ਕੀਤਾ। ਸਰਕਾਰੀ ਅਦਾਰਿਆਂ ਦੀ ਇਕ ਸਮੱਸਿਆ ਇਹ ਵੀ ਹੈ ਕਿ ਇਥੇ ਅਧਿਆਪਕਾਂ ਦੀ ਕਮੀ ਹੈ ਅਤੇ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਜੇਕਰ ਢਾਂਚੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਹੋਰ ਵੀ ਜ਼ਿਆਦਾ ਵਿੱਦਿਆਰਥੀ ਵਿਦੇਸ਼ਾਂ ਤੋਂ ਪੰਜਾਬ ਆਉਣਗੇ।