ਚੰਡੀਗੜ੍ਹ: ਆਮ ਜਨਤਾ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵਲੋਂ ਪੰਜਾਬ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਦੀ ਇੱਕ ਮੰਗ ਨੂੰ ਮੰਨਦੇ ਹੋਏ, ਉਨ੍ਹਾਂ ਦੀਆਂ ਤਨਖਾਹਾਂ ਵਿੱਚ ਸਲਾਨਾ 5 ਫੀਸਦੀ ਵਾਧਾ ਕੀਤਾ ਹੈ। ਖਬਰ ਹੈ ਕਿ ਫਿਲਹਾਲ ਪੀਆਰਟੀਸੀ ਦੇ ਮੁਲਾਜ਼ਮ ਹੜਤਾਲ ਉੱਤੇ ਨਹੀਂ ਜਾਣਗੇ। ਆਮ ਦਿਨਾਂ ਵਾਂਗ ਪੰਜਾਬ ਰੋਡਵੇਜ ਸੜਕਾਂ ਉੱਤੇ ਦੌੜਦੀ ਦਿਖਾਈ ਦੇਵੇਗੀ।
ਕੈਪਟਨ ਸਰਕਾਰ ਦੇ ਵਾਅਦੇ ਨੂੰ ਮਾਨ ਸਰਕਾਰ ਨੇ ਪੁਗਾਇਆ:ਈਟੀਵੀ ਭਾਰਤ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਪੀਆਰਟੀਸੀ ਦੇ ਆਗੂ ਨੇ ਦੱਸਿਆ ਕਿ ਫਿਲਹਾਲ ਮਾਨ ਸਰਕਾਰ ਵਲੋਂ ਉਨ੍ਹਾਂ ਦੀ ਇੱਕ ਮੰਗ, ਤਨਖਾਹਾਂ ਵਿੱਚ 5 ਫੀਸਦੀ ਵਾਧਾ ਕੀਤੇ ਜਾਣ, ਨੂੰ ਪੂਰਾ ਕੀਤਾ ਗਿਆ ਹੈ। ਪਰ, ਉਨ੍ਹਾਂ ਅਜੇ ਹੋਰ ਵੀ ਕਈ ਮੰਗਾਂ ਪੈਡਿੰਗ ਹਨ। ਫਿਲਹਾਲ ਯੂਨੀਅਨ ਵਲੋਂ ਦੀਵਾਲੀ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ, ਇਸ ਲਈ ਹੜਤਾਲ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਦੀ ਸਰਕਾਰ ਸੀ, ਉਸ ਸਮੇਂ ਕੱਚੇ ਮੁਲਾਜ਼ਮਾਂ ਨਾਲ ਤਨਖਾਹਾਂ ਵਿੱਚ ਸਲਾਨਾ 5 ਫੀਸਦੀ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ, ਇਸ ਵਾਅਦੇ ਨੂੰ ਮਾਨ ਸਰਕਾਰ ਵਲੋਂ ਪੂਰਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿਨ ਪੰਜਾਬ ਰੋਡਵੇਜ ਦੇ ਕੱਚੇ ਮੁਲਾਜ਼ਮਾਂ ਤੇ ਯੂਨੀਅਨ ਵਲੋਂ ਬੱਸਾਂ ਦਾ ਚੱਕਾ ਜਾਮ ਕਰਦੇ ਹੋਏ ਹੜਤਾਲ ਕਰਨ ਦਾ ਐਲਾਨ (Punjab Roadways) ਕੀਤਾ ਸੀ।
ਪੰਜਾਬ ਰੋਡਵੇਜ਼, ਪਨਬਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਰੋਡਵੇਜ਼, ਪਨਬਸ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸਮੂਹ ਮੁਲਾਜ਼ਮਾਂ ਨੂੰ 5 ਫੀਸਦੀ ਤਨਖਾਹ ਵਾਧੇ ਦੀ ਵਧਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੰਗ ਅਨੁਸਾਰ 5 ਫੀਸਦੀ ਦੇ ਵਾਧੇ ਦਾ ਪੱਤਰ ਜਾਰੀ ਕੀਤਾ ਗਿਆ ਹੈ ਅਤੇ ਨਵੇਂ ਮੁਲਾਜ਼ਮਾਂ ਅਤੇ ਨਵੇਂ ਭਰਤੀ ਕੀਤੇ ਗਏ ਅਤੇ ਬਹਾਲ ਕੀਤੇ ਗਏ ਸਾਰੇ ਕਰਮਚਾਰੀਆਂ ਲਈ ਡੀ ਰੇਟ ਦੇ ਵਾਧੇ ਦਾ ਵੀ ਪੱਤਰ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਯੂਨੀਅਨ ਨੇ 09/11/2023 ਤੋਂ ਹੜਤਾਲ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਹੋਰ ਕੀ-ਕੀ ਮੰਗਾਂ ਹਨ: ਮੁਲਾਜ਼ਮਾਂ ਦੀ ਮੰਗ ਹੈ ਕਿ ਟਰਾਂਸਪੋਰਟ ਵਿੱਚ ਠੇਕੇਦਾਰੀ ਪ੍ਰਥਾ ਖ਼ਤਮ ਕੀਤੀ ਜਾਵੇ। ਸਰਕਾਰ ਜੀਐਸਟੀ ਦੇ ਬਚਣ ਵਾਲੇ 20 ਤੋਂ 25 ਕਰੋੜ ਕਰਮਚਾਰੀਆਂ ਦੇ ਕਲਿਆਣ ਉੱਤੇ ਖ਼ਰਚ ਕਰੇ। ਕਿਲੋਮੀਟਰ ਸਕੀਮ ਯੋਜਨਾ ਨੂੰ ਖ਼ਤਮ ਕਰਕੇ ਬੱਸਾਂ ਰੋਡਵੇਜ ਦੇ ਵੱਡੇ ਬੇੜੇ ਵਿੱਚ ਸ਼ਾਮਲ ਹੋਣ।
ਸਤੰਬਰ ਮਹੀਨੇ ਵੀ ਕੀਤੀ ਗਈ ਸੀ ਹੜਤਾਲ :ਯਾਦ ਰਹੇ ਕਿ ਸਤੰਬਰ ਮਹੀਨੇ ਵੀ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਸੀ। ਇਸ ਦੌਰਾਨ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਸੀ। ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਇਸ ਸਬੰਧੀ ਫਿਰੋਜ਼ਪੁਰ ਵਿੱਚ ਮੀਟਿੰਗ ਕਰਕੇ 20 ਸਤੰਬਰ ਨੂੰ ਬੱਸਾਂ ਦਾ ਚੱਕਾ ਜਾਮ ਕਰਨ ਬਾਰੇ ਐਲਾਨ ਕੀਤਾ ਗਿਆ ਸੀ। ਵਰਕਰ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਸੀ ਕਿ ਸਰਕਾਰਾਂ ਵੋਟਾਂ ਲੈ ਕੇ ਉਨ੍ਹਾਂ ਦੀਆਂ ਮੰਗਾਂ ਭੁੱਲ ਜਾਂਦੀਆਂ ਹਨ।