ਚੰਡੀਗੜ੍ਹ :ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2.31 ਕਰੋੜ ਰੁਪਏ ਦੀ ਲਾਗਤ ਨਾਲ 5 ਆਰਟੀਪੀਸੀਆਰ ਅਤੇ 4 ਆਰਐਨਏ ਐਕਸਟ੍ਰੈਕਸ਼ ਮਸ਼ੀਨਾਂ (ਆਟੋਮੈਟਿਕ) ਦੀ ਖਰੀਦ ਕਰਕੇ ਕੋਵਿਡ-19 ਟੈਸਟਿੰਗ ਦੀ ਸਮਰੱਥਾ ਨੂੰ 10 ਗੁਣਾ ਵਧਾ ਦਿੱਤਾ ਹੈ। ਸੂਬਾ ਇਸ ਛੂਤ ਦੀ ਬਿਮਾਰੀ ਦੀ ਰੋਕਥਾਮ ਲਈ 10 ਅਪ੍ਰੈਲ ਤੋਂ ਤੇਜ਼ੀ ਨਾਲ ਜਾਂਚ ਸ਼ੁਰੂ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ।
ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਨੁਸਾਰ ਰਾਜ ਸਰਕਾਰ ਵਲੋਂ ਆਈਸੀਐਮਆਰ ਤੋਂ ਮੰਗਵਾਈਆਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦੀ ਜਲਦ ਪ੍ਰਾਪਤ ਹੋਣ ਦੀ ਆਸ ਹੈ ਅਤੇ ਇਕ ਹੋਰ 10000 ਕਿੱਟਾਂ ਦੀ ਓਪਨ ਮਾਰਕੀਟ ਵਿਚੋ ਖਰਦੀਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਹਾਟਸਪਾਟਾਂ ਵਿਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਮੱਦੇਨਜ਼ਰ ਹੁਣ ਆਈਸੀਐਮਆਰ ਨੇ ਰੈਪਿਡ ਟੈਸਟਿੰਗ ਕਿੱਟਾਂ ਰਾਹੀਂ ਐਂਟੀਬਾਡੀ ਟੈਸਟਿੰਗ ਕਰਨ ਦੀ ਇਜਾਜ਼ਤ ਦਿੱਤੀ ਹੈ।
ਮਹਾਜਨ ਨੇ ਕਿਹਾ ਕਿ ਨਵੇਂ ਉਪਕਰਣਾਂ ਦੇ ਆਉਣ ਨਾਲ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਵਾਇਰਲ ਰਿਸਰਚ ਡਾਇਗਨੋਸਟਿਕ ਲੈਬਜ਼ ਦੀ ਟੈਸਟਿੰਗ ਸਮਰੱਥਾ ਮੌਜੂਦਾ 40 ਤੋਂ ਵਧਕੇ 400 ਹੋ ਗਈ ਹੈ। ਜ਼ਿਕਰਯੋਗ ਇਨ੍ਹਾਂ ਦੋਵੇਂ ਲੈਬਾਂ ਵਿਚ ਹੁਣ ਤੱਕ 1958 ਸੈਂਪਲ ਜਾਂਚੇ ਜਾ ਚੁੱਕੇ ਹਨ।