ਚੰਡੀਗੜ: ਪੰਜਾਬ ਸਰਕਾਰ ਨੇ ਮਹਾਰਾਸ਼ਟਰ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਸ਼ੋਕ ਚਵਾਨ ਦੇ ਉਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਨਾਂਦੇੜ ਸਾਹਿਬ ਤੋਂ ਪਰਤਣ ਵਾਲੇ ਸ਼ਰਧਾਲੂਆਂ ਨੂੰ ਕੋਰੋਨਾ ਲਾਗ ਸ਼ਾਇਦ ਪੰਜਾਬ ਦੇ ਡਰਾਈਵਰਾਂ ਤੋਂ ਲੱਗੀ ਹੈ। ਇੱਕ ਪ੍ਰੈਸ ਬਿਆਨ ਵਿੱਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਅਸ਼ੋਕ ਚਵਾਨ ਦੇ ਬਿਆਨ ਨੂੰ ਗੁੰਮਰਾਹਕੁੰਨ ਅਤੇ ਤੱਥਾਂ ਤੋਂ ਸੱਖਣਾ ਕਰਾਰ ਦਿੱਤਾ।
ਰਜ਼ੀਆ ਸੁਲਤਾਨਾ ਨੇ ਮਹਾਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ ਦੇ ਬਿਆਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਗੈਰ ਜ਼ਿੰਮੇਵਾਰਾਨਾ ਵਿਵਹਾਰ ਨਹੀਂ ਕਰਨਾ ਚਾਹੀਦਾ ਅਤੇ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਕੋਈ ਬਿਆਨ ਨਹੀਂ ਦੇਣਾ ਚਾਹੀਦਾ। ਸੁਲਤਾਨਾ ਨੇ ਖੁਲਾਸਾ ਕੀਤਾ ਕਿ ਅਸਲ ਵਿੱਚ 31 ਵਾਹਨਾਂ (20 ਬੱਸਾਂ ਅਤੇ 11 ਟੈਂਪੋ ਟਰੈਵਲਰ) ਦਾ ਪਹਿਲਾ ਜੱਥਾ, ਜੋ ਸ਼੍ਰੀ ਨੰਦੇੜ ਸਾਹਿਬ ਤੋਂ 860 ਸ਼ਰਧਾਲੂਆਂ ਨੂੰ ਪੰਜਾਬ ਲੈ ਕੇ ਆਇਆ ਸੀ, ਵਿੱਚ ਸ਼ਾਮਲ ਸਾਰੇ ਵਾਹਨ ਅਤੇ ਚਾਲਕ ਮਹਾਂਰਾਸ਼ਟਰ ਦੇ ਸਨ । ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਪਹਿਲੇ ਤਿੰਨ ਗਰੁੱਪ ਨਿੱਜੀ ਬੱਸਾਂ ਰਾਹੀਂ ਆਏ ਸਨ ਜਿਨ੍ਹਾਂ ਦਾ ਪ੍ਰਬੰਧ ਸ੍ਰੀ ਨੰਦੇੜ ਸਾਹਿਬ ਤੋਂ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਟਰੱਸਟ ਵੱਲੋਂ ਭੇਜੀਆਂ ਗਈਆਂ 7 ਬੱਸਾਂ ਦੇ ਪਹਿਲੇ ਜੱਥੇ ਨੇ 23 ਅਪ੍ਰੈਲ ਦੀ ਰਾਤ ਨੂੰ ਪੰਜਾਬ ਲਈ ਆਪਣਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ 11 ਟੈਂਪੂ ਟਰੈਵਲਰਜ਼ ਦਾ ਦੂਜਾ ਜੱਥਾ 24 ਅਪ੍ਰੈਲ ਦੇਰ ਰਾਤ ਨੂੰ ਪੰਜਾਬ ਲਈ ਚੱਲਿਆ ਅਤੇ 26 ਅਪ੍ਰੈਲ ਦੀ ਦੇਰ ਰਾਤ ਪੰਜਾਬ ਪਹੁੰਚਿਆ। ਇਸੇ ਤਰ੍ਹਾਂ 13 ਬੱਸਾਂ ਦਾ ਤੀਸਰਾ ਜਥਾ ਸ਼ਰਧਾਲੂਆਂ ਨੂੰ ਲੈ ਕੇ 25 ਅਪ੍ਰੈਲ ਨੂੰ ਦੇਰ ਰਾਤ ਅਤੇ 26 ਅਪ੍ਰੈਲ ਦੀ ਸੱਜਰੀ ਸਵੇਰ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਲਈ ਚੱਲਿਆ। ਇਹ ਬੱਸਾਂ 27 ਅਪ੍ਰੈਲ ਨੂੰ ਦੇਰ ਰਾਤ ਅਤੇ 28 ਅਪ੍ਰੈਲ ਦੀ ਸਵੇਰ ਪੰਜਾਬ ਪਹੁੰਚੀਆਂ।