ਚੰਡੀਗੜ੍ਹ: ਹੀਮੋਫੀਲੀਆ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ 18 ਇੰਟੀਗਰੇਟਿਡ ਕੇਅਰ ਸੈਂਟਰਾਂ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਦਾ ਐਂਟੀ ਹੀਮੋਫੀਲੀਆ ਫੈਕਟਰ ਉਪਲਬੱਧ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਹੀਮੋਫੀਲਆ ਦਾ ਇਲਾਜ ਉਪਲਬੱਧ ਕਰਵਾਉਣ ਲਈ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਇੰਟੀਗਰੇਟਿਡ ਕੇਅਰ ਸੈਂਟਰ ਫਾਰ ਹੀਮੋਗਲੋਬੀਨੋਪੈਥੀਸ ਤੇ ਹੀਮੋਫੀਲੀਆ ਖੋਲ੍ਹੇ ਗਏ ਹਨ। ਇਨ੍ਹਾਂ ਵਿੱਚ 3 ਮੈਡੀਕਲ ਕਾਲਜਾਂ ਤੋਂ ਇਲਾਵਾ 15 ਹੋਰ ਜ਼ਿਲ੍ਹਿਆਂ ਵਿੱਚ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਬਾਕੀ 4 ਜ਼ਿਲ੍ਹਿਆਂ ਵਿੱਚ ਵੀ ਜਲਦੀ ਹੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਨ੍ਹਾਂ ਸੈਂਟਰਾਂ ਵਿੱਚ ਹੋਮੀਫੀਲੀਆ ਦੇ ਮਰੀਜ਼ਾਂ ਨੂੰ ਐਂਟੀ ਹੀਮੋਫੀਲਆ ਫੈਕਟਰ 8, 9, 7 ਏ ਅਤੇ ਐਫ.ਈ.ਆਈ.ਬੀ.ਏ ਮੁਫ਼ਤ ਉਪਲਬੱਧ ਕਰਵਾਏ ਗਏ ਹਨ ਅਤੇ ਇਨ੍ਹਾਂ ਸੈਂਟਰਾਂ ਵਿੱਚ 24*7 ਸੁਵਿਧਾ ਉਪਲਬੱਧ ਕਰਵਾਈ ਗਈ ਹੈ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਸਮੇਂ ਐਮਰਜੈਂਸੀ ਦੌਰਾਨ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਹੀਮੋਫੀਲੀਆ ਦੇ ਇਲਾਜ ਲਈ ਮਰੀਜ਼ਾਂ ਨੂੰ ਲਗਭਗ 18 ਤੋਂ 80 ਲੱਖ ਰੁਪਏ ਤੱਕ ਸਲਾਨਾ ਖਰਚ ਕਰਨਾ ਪੈਂਦਾ ਸੀ। ਇਹ ਸਾਰਾ ਖਰਚ ਹੁਣ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ, ਜਿਸ ਦੇ ਲਈ ਮਰੀਜ਼ਾਂ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ।