ਚੰਡੀਗੜ੍ਹ/ਭੁਵਨੇਸ਼ਵਰ: ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬੁੱਧਵਾਰ ਨੂੰ ਆਪਣੇ ਤਿੰਨ ਰੋਜ਼ਾ ਉਡੀਸ਼ਾ ਦੌਰੇ ਦੇ ਆਖਰੀ ਦਿਨ 'ਤੇ ਸਨ। ਇਸ ਦੌਰਾਨ ਸੁਖਜਿੰਦਰ ਰੰਧਾਵਾ ਨੇ ਉਡੀਸ਼ਾ ਦੇ ਸਹਿਕਾਰਤਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਣਏਂਦਰ ਪ੍ਰਤਾਪ ਸਵੈਨ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਸਮੂਹ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਦਾ ਰਸਮੀ ਅਤੇ ਗ਼ੈਰ ਰਸਮੀ ਮੰਚ ਬਣਾਉਣਾ ਬੇਹੱਦ ਜ਼ਰੂਰੀ ਹੈ, ਜਿੱਥੇ ਭਾਰਤ ਸਰਕਾਰ ਨੂੰ ਸਿਫ਼ਾਰਸ਼ਾਂ ਭੇਜਣ ਲਈ ਸੂਬੇ ਦੀਆਂ ਮੁਸ਼ਕਲਾਂ ਅਤੇ ਜ਼ਰੂਰਤਾਂ 'ਤੇ ਵਿਚਾਰ ਕੀਤਾ ਜਾ ਸਕੇ। ਇਸ 'ਤੇ ਸਵੈਨ ਨੇ ਰੰਧਾਵਾ ਵੱਲੋਂ ਪੇਸ਼ ਕੀਤੇ ਇਸ ਪ੍ਰਸਤਾਵ 'ਤੇ ਸਹਿਮਤੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ: ਸਿੱਧੂ ਬਣ ਸਕਦੇ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਇਸ ਵਫ਼ਦ ਨੇ ਉਡੀਸ਼ਾ ਸਟੇਟ ਕੋਆਪਰੇਟਿਵ ਬੈਂਕ, ਡੀ.ਸੀ.ਸੀ.ਬੀ. ਦੇ ਮੁੱਖ ਦਫ਼ਤਰ ਤੇ ਜ਼ਿਲ੍ਹਾ ਖੋਰਧਾ 'ਚ ਇਸ ਦੀ ਮਹਿਲਾ ਬ੍ਰਾਂਚ ਅਤੇ ਸ਼ਿਸ਼ੂਪਾਲ ਗੜ੍ਹ ਵਿਖੇ ਪ੍ਰਾਇਮਰੀ ਐਗਰੀਕਲਚਰਲ ਕਰੈਡਿਟ ਸੋਸਾਇਟੀ (ਪੀ.ਏ.ਸੀ.ਐਸ.) ਦਾ ਦੌਰਾ ਕੀਤਾ ਤੇ ਕੰਪਿਊਟਰੀਕਰਨ ਸਿਸਟਮ ਦਾ ਅਧਿਐਨ ਕੀਤਾ। ਸੁਖਜਿੰਦਰ ਰੰਧਾਵਾ ਨੇ ਇਸ ਫੇਰੀ ਦੌਰਾਨ ਉਡੀਸ਼ਾ ਦੀ ਕੋਰ ਬੈਂਕਿੰਗ ਸਲਿਊਸ਼ਨ ਸਿਸਟਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਜ਼ਮੀਨੀ ਪੱਧਰ 'ਤੇ ਜਾਣਕਾਰੀ ਲੈਣ ਲਈ ਉਨ੍ਹਾਂ ਸੁਸਾਇਟੀਆਂ ਦੇ ਸਕੱਤਰਾਂ ਅਤੇ ਵੱਖ-ਵੱਖ ਬੈਂਕਾਂ ਦੀਆਂ ਬ੍ਰਾਂਚਾਂ ਦੇ ਸੇਲਜ਼ਮੈਨਜ਼ ਨਾਲ ਗੱਲਬਾਤ ਕੀਤੀ।
ਸੁਖਜਿੰਦਰ ਰੰਧਾਵਾ ਨੇ ਪੰਜਾਬ ਸਰਕਾਰ ਦੇ ਸਹਿਕਾਰਤਾ ਖੇਤਰ ਵਿੱਚ ਚੁੱਕੇ ਨਿਵੇਕਲੇ ਕਦਮਾਂ ਬਾਰੇ ਜਾਣਕਾਰੀ ਦੇਣ 'ਤੇ ਉਡੀਸ਼ਾ ਦੇ ਸਹਿਕਾਰਤਾ ਮੰਤਰੀ ਸਵੈਨ ਨੇ ਇਨ੍ਹਾਂ ਕੋਸ਼ਿਸ਼ਾਂ ਦੀ ਸ਼ਲਾਘਾਂ ਕੀਤੀ। ਉਨ੍ਹਾਂ ਮੰਨਿਆ ਕਿ ਕਿਸਾਨੀ ਅਤੇ ਪੇਂਡੂ ਖੇਤਰ ਦੀ ਆਰਥਿਕਤਾ ਨੂੰ ਲੀਹ 'ਤੇ ਲਿਆਉਣ ਲਈ ਸਹਿਕਾਰਤਾ ਲਹਿਰ ਨੂੰ ਮਜ਼ਬੂਤੀ ਨਾਲ ਖੜ੍ਹਾ ਕਰਨ ਦੀ ਲੋੜ ਹੈ। ਦੋਵਾਂ ਮੰਤਰੀਆਂ ਦੇ ਇਸ ਮਾਮਲੇ 'ਤੇ ਇਕੋ ਰਾਏ ਸੀ ਕਿ ਸਹਿਕਾਰਤਾ ਖੇਤਰ ਕਿਸਾਨੀ ਦੀ ਰੀੜ੍ਹ ਦੀ ਹੱਡੀ ਜਿਸ ਨੂੰ ਮਜ਼ਬੂਤ ਕੀਤੇ ਬਿਨਾਂ ਕਿਸਾਨਾਂ ਦਾ ਫਾਇਦਾ ਸੰਭਵ ਨਹੀਂ ਅਤੇ ਕਿਸਾਨੀ ਦੀ ਮਜ਼ਬੂਤੀ ਹੀ ਦੇਸ਼ ਦੀ ਆਰਥਿਕਤਾ ਨੂੰ ਤਕੜਾ ਬਣਾ ਸਕਦੀ ਹੈ ਕਿਉਂਕਿ ਭਾਰਤ ਇਕ ਖੇਤੀ ਪ੍ਰਧਾਨ ਰਾਸ਼ਟਰ ਹੈ।
ਇਹ ਵੀ ਪੜ੍ਹੋ: ਸ਼ਿਲਾਂਗ: ਸਿੱਖਾਂ ਨੂੰ ਪ੍ਰਸ਼ਾਸਨ ਨੇ ਨੋਟਿਸ ਜਾਰੀ ਕਰਕੇ ਮੰਗੀ ਜਾਣਕਾਰੀ