ਚੰਡੀਗੜ੍ਹ:ਗਣਤੰਤਰ ਦਿਹਾੜੇ ਮੌਕੇ ਹੋਣ ਜਾ ਰਹੀ 26 ਜਨਵਰੀ ਦੀ ਪਰੇਡ ਵਿੱਚ ਇਸ ਵਾਰ ਪੰਜਾਬ ਦੀ ਝਾਕੀ ਨੂੰ ਕੇਂਦਰ ਸਰਕਾਰ ਨੇ ਸ਼ਾਮਿਲ ਨਹੀਂ ਕੀਤਾ ਤਾਂ ਭਾਜਪਾ ਨੇ ਇਸ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਿਆ ਅਤੇ ਇਹ ਇਲਜ਼ਾਮ ਵੀ ਲਾਏ ਕਿ ਝਾਕੀ ਵਿੱਚ ਕੇਜਰੀਵਾਲ ਅਤੇ ਸੀਐੱਮ ਮਾਨ ਦੀਆਂ ਤਸਵੀਰਾਂ ਸਨ ਜੋ ਝਾਕੀ ਦੀ ਥੀਮ ਦੇ ਮੁਤਾਬਿਕ ਨਹੀਂ ਸਨ ਇਸ ਲਈ ਪੰਜਾਬ ਦੀ ਝਾਕੀ ਰੱਦ ਹੋਈ।
ਸੀਐੱਮ ਮਾਨ ਦਾ ਨਿਸ਼ਾਨਾ:ਇਸ ਤੋਂ ਬਾਅਦ ਬੀਤੇ ਦਿਨ ਲੁਧਿਆਣਾ ਵਿੱਚ ਸੀਐੱਮ ਮਾਨ ਨੇ ਜਾਖੜ ਨੂੰ ਚੁਣੋਤੀਆਂ ਦਿੰਦਿਆਂ ਕਿਹਾ ਸੀ ਕਿ ਉਹ ਲਾਏ ਇਲਜ਼ਾਮਾਂ ਨੂੰ ਸਾਬਿਤ ਕਰਨ ਜੇਕਰ ਸਾਬਿਤ ਕਰ ਦਿੰਦੇ ਨੇ ਤਾਂ ਉਹ ਸਿਆਸਤ ਛੱਡ ਦੇਣਗੇ। ਸੀਐੱਮ ਮਾਨ ਨੇ ਇਹ ਵੀ ਕਿਹਾ ਸੀ ਕਿ ਭਾਜਪਾ ਵਿੱਚ ਜਾਕੇ ਹਰ ਕੋਈ ਝੂਠ ਬੋਲਣਾ ਸਿੱਖ ਜਾਂਦਾ ਹੈ ਅਤੇ ਉਸ ਕੰਮ ਵਿੱਚ ਹੁਣ ਜਾਖੜ ਵੀ ਮਾਹਿਰ ਹੁੰਦੇ ਜਾ ਰਹੇ ਹਨ। ਸੀਐੱਮ ਮਾਨ ਦਾ ਤਿੱਖੇ ਸਿਆਸੀ ਤੀਰਾਂ ਤੋਂ ਬਾਅਦ ਹੁਣ ਮੁੜ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਐਕਸ਼ਨ ਵਿੱਚ ਹਨ।
ਸੀਐੱਮ ਮਾਨ ਦੇ ਚੈਲੇਂਜ ਦਾ ਜਾਖੜ ਨੇ ਦਿੱਤਾ ਜਵਾਬ: ਸੀਐੱਮ ਮਾਨ ਦੀ ਚੁਣੌਤੀ ਦਾ ਜਵਾਬ ਦਿੰਦਿਆਂ ਜਾਖੜ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ, ਮੈਂ ਕੱਲ੍ਹ ਜੋ ਕਿਹਾ, ਉਸ 'ਤੇ ਕਾਇਮ ਹਾਂ, ਸਰਦਾਰ ਭਗਵੰਤ ਸਿੰਘ ਮਾਨ ਜੀ, ਅਸਲ ਵਿੱਚ ਤੁਹਾਡੇ ਸਿਸਟਮ ਦੀ ਸਮੱਸਿਆ ਇਹ ਹੈ ਕਿ ਝੂਠੇ ਹਰ ਕਿਸੇ ਨੂੰ ਝੂਠਾ ਸਮਝਦੇ ਹਨ,'। ਜਾਖੜ ਦੇ ਇਸ ਜਵਾਬੀ ਹਮਲੇ ਤੋਂ ਬਾਅਦ ਝਾਂਕੀ ਨੂੰ ਰੱਦ ਕਰਨ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ।
ਝਾਕੀ 'ਚ ਸੀ ਪੰਜਾਬ ਦਾ ਸੱਭਿਆਚਾਰ: ਦੱਸ ਦਈਏ ਬੀਤੇ ਦਿਨ ਲੁਧਿਆਣਾ ਵਿੱਚ ਸੀਐੱਮ ਮਾਨ ਨੇ ਇਹ ਵੀ ਕਿਹਾ ਸੀ ਕਿ ਸੁਨੀਲ ਜਾਖੜ ਨੂੰ ਫਿਲਹਾਲ ਭਾਜਪਾ ਦੀ ਤਰ੍ਹਾਂ ਝੂਠ ਬੋਲਣਾ ਨਹੀਂ ਆਇਆ। ਕਿਸੇ ਵੀ ਤਰ੍ਹਾਂ ਦੀ ਤਸਵੀਰ ਪੰਜਾਬ ਦੀ ਝਾਕੀ ਉੱਤੇ ਨਹੀਂ ਲਗਾਈ ਗਈ ਹੈ ਸਗੋਂ ਪੰਜਾਬ ਦੀ ਝਾਕੀ ਉੱਤੇ ਪੰਜਾਬ ਦੇ ਸੱਭਿਆਚਾਰ, ਧਰਮ ਅਤੇ ਵਿਰਸੇ ਨੂੰ ਵਿਖਾਇਆ ਗਿਆ ਸੀ। ਬਾਕੀ ਸੂਬਿਆਂ ਦੇ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ 9 ਵਾਰ ਪੰਜਾਬ ਦੀ ਝਾਕੀ ਰੱਦ ਕੀਤੀ ਜਾ ਚੁੱਕੀ ਹੈ ਪਰ ਉਦੋਂ ਜਾਖੜ ਨਹੀਂ ਬੋਲੇ। ਉਹਨਾਂ ਕਿਹਾ ਕਿ ਜੇਕਰ ਜਾਖੜ ਇਹ ਸਾਬਿਤ ਕਰ ਦੇਣ ਕਿ ਕੇਜਰੀਵਾਲ ਜਾਂ ਭਗਵੰਤ ਮਾਨ ਦੀ ਤਸਵੀਰ ਝਾਂਕੀ ਉੱਤੇ ਲੱਗੀ ਹੋਈ ਸੀ ਤਾਂ ਉਹ ਸਿਆਸਤ ਛੱਡ ਦੇਣਗੇ ਅਤੇ ਜੇਕਰ ਉਹ ਸਾਬਿਤ ਨਾ ਕਰ ਸਕੇ ਤਾਂ ਜਾਖੜ ਵੀ ਪੰਜਾਬ ਆਉਣਾ ਬੰਦ ਕਰ ਦੇਣ।