ਚੰਡੀਗੜ੍ਹ:ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਬੀਤੇ ਦਿਨ ਪੰਜ ਤੱਤਾਂ ‘ਚ ਵਿਲੀਨ ਹੋ ਗਏ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਹਰ ਅੱਖ ਨਮ ਹੋ ਰਹੀ ਅਤੇ ਹਰ ਕੋਈ 95 ਸਾਲ ਦੇ ਬਾਬੇ ਬਾਦਲ ਦੀ ਪ੍ਰਾਪਤੀਆਂ ਦੀਆਂ ਗੱਲਾਂ ਕਰ ਰਿਹਾ ਸੀ। ਜਦੋਂ ਜ਼ਿੰਦਗੀ ਦਾ ਤਜ਼ਰਬਾ ਇੰਨਾ ਵੱਡਾ ਹੋਵੇ, ਤਾਂ ਕੁਝ ਖੱਟੇ ਮਿੱਠੇ ਅਹਿਸਾਸਾਂ ਵਿਚੋਂ ਵੀ ਲੰਘਣਾ ਪੈਂਦਾ ਹੈ। ਅਜਿਹਾ ਹੀ ਅਹਿਸਾਸ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਝੱਲਣਾ ਪਿਆ।
ਉਨ੍ਹਾਂ ਉੱਤੇ ਕੋਟਕਪੁਰਾ ਗੋਲੀਕਾਂਡ ਦਾ ਦਾਗ਼ ਲੱਗਿਆ। ਇਹ ਦਾਗ਼ ਮਰਦੇ ਦਮ ਤੱਕ ਉਨ੍ਹਾਂ ਦੇ ਨਾਲ ਰਿਹਾ ਹੈ। ਉਮਰ ਦੇ ਆਖਰੀ ਪੜਾਅ ਵਿਚ ਆ ਕੇ ਵੀ ਉਨ੍ਹਾਂ ਨੂੰ ਅਦਾਲਤ ਦਾ ਮੂੰਹ ਦੇਖਣਾ ਪਿਆ। ਆਖ਼ਰੀ ਵਾਰ ਉਨ੍ਹਾਂ ਨੂੰ ਫ਼ਰੀਦਕੋਟ ਦੀ ਅਦਾਲਤ ‘ਚ ਵੇਖਿਆ ਗਿਆ। ਜਦੋਂ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਉਨ੍ਹਾਂ ਨੇ ਅਦਾਲਤ ਨੇ ਤਲਬ ਕੀਤਾ ਸੀ। 23 ਮਾਰਚ ਨੂੰ ਬਾਦਲ ਆਖਰੀ ਵਾਰ ਜਨਤਕ ਤੌਰ ’ਤੇ ਫਰੀਦਕੋਟ ਅਦਾਲਤ ਵਿਚ ਵਿਚਰੇ। ਕੋਟਕਪੂਰਾ ਗੋਲੀਕਾਂਡ ਵਿਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਫਰੀਦਕੋਟ ਦੀ ਅਦਾਲਤ ਵਿਚ ਬਤੌਰ ਮੁਲਜ਼ਮ ਪੇਸ਼ ਹੋਏ। ਸ਼ੈਸ਼ਨ ਜੱਜ ਰਾਜੀਵ ਕਾਲੜਾ ਦੇ ਹੁਕਮਾਂ ਮੁਤਾਬਕ 5 ਲੱਖ ਰੁਪਏ ਦਾ ਮੁਚੱਲਕਾ ਭਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਨੇ 16 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ ਦਿੰਦਿਆਂ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ।
ਅਦਾਲਤ ਨੇ ਕੀਤਾ ਸੀ ਤਲਬ : 2015 ‘ਚ ਹੋਏ ਕੋਟਕਪੁਰਾ ਗੋਲੀਕਾਂਡ ਵਿਚ ਬਾਦਲ ਪਰਿਵਾਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਸ਼ੱਕੀ ਰਹੀ ਜਿਸ ਲਈ ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ। ਬਰਗਾੜੀ ਗੋਲੀਕਾਂਡ ਮਾਮਲੇ ਵਿਚ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਜ਼ਿਆਦਾ ਬਜ਼ੁਰਗ ਹੋਣ ਕਾਰਨ ਉਹ ਹੁਣ ਨਾ ਲੋਕਾਂ ‘ਚ ਵਿਚਰਦੇ ਸਨ ਅਤੇ ਨਾ ਹੀ ਜ਼ਿਆਦਾ ਘਰੋਂ ਬਾਹਰ ਨਿਕਲਦੇ ਸਨ, ਪਰ ਫਰੀਦਕੋਟ ਅਦਾਲਤ ਵਿਚ ਸਰੀਰਕ ਤੌਰ ’ਤੇ 23 ਮਾਰਚ ਨੂੰ ਉਹ ਖੁਦ ਪੇਸ਼ ਹੋਣ ਪਹੁੰਚੇ ਤਾਂ ਅਦਾਲਤ ਦੇ ਬਾਹਰ ਪ੍ਰਕਾਸ਼ ਸਿੰਘ ਬਾਦਲ ਦੇ ਸਮਰਥਕਾਂ ਦਾ ਤਾਂਤਾ ਲੱਗ ਗਿਆ ਸੀ।