ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਾਝੇ 'ਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਉਪਰੰਤ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਤਰਨ ਤਾਰਨ ਦੌਰੇ 'ਤੇ ਕਿਹਾ ਕਿ ਬਤੌਰ ਮੁੱਖ ਮੰਤਰੀ ਪੀੜਤ ਪਰਿਵਾਰਾਂ ਦਾ ਪਤਾ ਲੈਣ 'ਚ ਬਹੁਤ ਦੇਰ ਕਰ ਦਿੱਤੀ ਹੈ।
ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਤੇ ਆਪਣੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੇ ਕਿਹਾ, ''29 ਜੁਲਾਈ ਨੂੰ ਜ਼ਹਿਰੀਲੀ ਸ਼ਰਾਬ ਨਾਲ ਪਹਿਲੀ ਮੌਤ ਦੀ ਖ਼ਬਰ ਆਈ ਸੀ। ਇਨ੍ਹਾਂ 10-11 ਦਿਨਾਂ 'ਚ ਕਰੀਬ 110 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਰੁਕਿਆ ਨਹੀਂ। ਮੁੱਖ ਮੰਤਰੀ ਅੱਜ ਆਪਣੇ ਹੈਲੀਕਾਪਟਰ ਰਾਹੀਂ ਪੂਰੇ ਸ਼ਾਹੀ ਅੰਦਾਜ਼ 'ਚ ਤਰਨ ਤਾਰਨ ਪੁੱਜੇ। ਜਿੱਥੇ ਰਾਜਾ ਸਾਹਿਬ ਦਾ 'ਰੈਡਕਾਰਪਟ' ਸਟਾਈਲ 'ਚ ਸਵਾਗਤ ਹੋਇਆ। ਪੋਰਟੇਬਲ ਏਸੀਜ਼ ਦੀ ਠੰਢ 'ਚ ਪੀੜਤ ਪਰਿਵਾਰਾਂ ਨੂੰ ਦੂਰੋਂ-ਦੂਰੋਂ ਮਿਲੇ ਮੁੱਖ ਮੰਤਰੀ ਸਿਰਫ਼ 2 ਦੀ ਥਾਂ 5 ਲੱਖ ਮੁਆਵਜ਼ਾ ਜਾਂ ਸਿਹਤ ਬੀਮੇ ਵਰਗੀ ਛੋਟੀ ਮੋਟੀ ਸਹੂਲਤ ਤੋਂ ਵੱਧ ਕੁੱਝ ਨਹੀਂ ਐਲਾਨ ਸਕੇ। ਜਦਕਿ ਖ਼ੁਦ ਹੀ ਮੌਤਾਂ ਨੂੰ ਕਤਲ ਦੱਸ ਰਹੇ ਹਨ।''
ਭਗਵੰਤ ਮਾਨ ਨੇ ਕਿਹਾ ਸਭ ਤੋਂ ਜ਼ਰੂਰੀ ਸੀ ਇਸ ਜ਼ਹਿਰੀਲੇ ਧੰਦੇ 'ਚ ਸ਼ਾਮਲ ਵਿਧਾਇਕਾਂ ਅਤੇ ਹੋਰ ਕਾਂਗਰਸੀਆਂ ਦੀ ਆਓ ਭਗਤ ਕਬੂਲਣ ਦੀ ਥਾਂ 'ਤੇ ਉਨ੍ਹਾਂ 'ਤੇ ਤੁਰੰਤ ਕਤਲ ਦੇ ਮੁਕੱਦਮੇ ਦਰਜ ਕਰਾਉਂਦੇ।