ਪੰਜਾਬ

punjab

By

Published : Jul 4, 2020, 5:26 PM IST

ETV Bharat / state

ਮਹਿੰਗਾਈ ਘਟਾਉਣ ਤੇ ਕਿਸਾਨੀ ਬਚਾਉਣ ਲਈ ਤੇਲ ਤੋਂ ਟੈਕਸ ਘਟਾਉਣ ਕੇਂਦਰ ਤੇ ਸੂਬਾ ਸਰਕਾਰ: ਸੰਧਵਾਂ

'ਆਪ' ਵਿਧਾਇਕਾਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਘਰੇਲੂ ਖਪਤਕਾਰਾਂ ਅਤੇ ਖੇਤੀ ਖੇਤਰ ਲਈ ਬਿਜਲੀ ਸਪਲਾਈ 'ਚ ਅਣਐਲਾਨੇ ਬਿਜਲੀ ਕੱਟ ਬੰਦ ਕਰੇ ਅਤੇ ਸਿੰਚਾਈ ਲਈ ਨਹਿਰੀ ਪਾਣੀ ਦੀ ਸਪਲਾਈ ਟੇਲ ਤੱਕ ਯਕੀਨੀ ਬਣਾਵੇ ਤਾਂ ਕਿ ਕਿਸਾਨਾਂ ਨੂੰ ਡੀਜ਼ਲ ਜਲਾ ਕੇ ਫ਼ਸਲਾਂ, ਸਬਜ਼ੀਆਂ ਅਤੇ ਬਾਗ਼ਬਾਨੀ ਪਾਲਨ ਦੀ ਲੋੜ ਹੀ ਨਾ ਪਵੇ।

ਆਪ
ਆਪ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਖੇਤੀ ਖੇਤਰ ਨੂੰ ਰਾਹਤ ਦੇਣ ਲਈ ਡੀਜ਼ਲ 'ਤੇ ਟੈਕਸ ਘਟਾਉਣ ਦੀ ਫ਼ੌਰੀ ਮੰਗ ਰੱਖੀ ਹੈ। ਕਿਸਾਨ-ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਕਹਿਰਾਂ ਦੀ ਗਰਮੀ, ਅਣਐਲਾਨੇ ਬਿਜਲੀ ਕੱਟਾਂ ਅਤੇ ਮੀਂਹ ਦੀ ਕਮੀ ਨੇ ਪਹਿਲਾਂ ਹੀ ਭਾਂਤ-ਭਾਂਤ ਦੀਆਂ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਇਸ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਅੰਨਦਾਤਾ ਦੀ ਬਾਂਹ ਫੜਨ ਅਤੇ ਡੀਜ਼ਲ 'ਤੇ ਕੇਂਦਰੀ ਅਤੇ ਸੂਬਾਈ ਟੈਕਸ ਘਟਾਉਣ ਅਤੇ ਨਹਿਰੀ ਪਾਣੀ ਅਤੇ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਉਣ।

ਸੰਧਵਾਂ ਨੇ ਕਿਹਾ ਕਿ ਦੇਸ਼ ਦੇ ਲੋਕ ਬੇਕਾਬੂ ਮਹਿੰਗਾਈ ਦੀ ਮਾਰ ਥੱਲੇ ਹਨ ਅਤੇ ਕੋਰੋਨਾ ਮਹਾਂਮਾਰੀ ਨੇ ਮਹਿੰਗਾਈ ਅਤੇ ਵਿੱਤੀ ਸੰਕਟ ਨੂੰ ਹੋਰ ਵਧਾ ਦਿੱਤਾ। ਦੁਨੀਆ ਭਰ ਦੀਆਂ ਸਰਕਾਰਾਂ ਜਿੱਥੇ ਆਪਣੇ ਨਾਗਰਿਕਾਂ ਨੂੰ ਇਸ ਗੰਭੀਰ ਵਿੱਤੀ ਸੰਕਟ 'ਚ ਉਭਾਰਨ ਲਈ ਜਿੱਥੇ ਵੱਡੇ-ਵੱਡੇ ਰਾਹਤ ਪੈਕੇਜ ਐਲਾਨ ਰਹੇ ਹਨ। ਉੱਥੇ ਮਹਿੰਗਾਈ ਨੂੰ ਕਾਬੂ ਕਰਨ ਲਈ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਡਿੱਗੀਆਂ ਕੀਮਤਾਂ ਅਨੁਸਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾ ਰਹੀਆਂ ਹਨ, ਪਰ ਸਾਡੀ ਕੇਂਦਰ ਅਤੇ ਪੰਜਾਬ ਸਰਕਾਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕਰ ਰਹੀਆਂ ਹਨ। ਜੋ ਲੋਕ ਵਿਰੋਧੀ, ਦੇਸ਼ ਵਿਰੋਧੀ ਅਤੇ ਨਿੰਦਣਯੋਗ ਕਦਮ ਹੈ।

ਜੈ ਕਿਸ਼ਨ ਸਿੰਘ ਰੋੜੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨੀ ਦੇ ਹਿੱਤਾਂ ਦੇ ਮੱਦੇਨਜ਼ਰ ਡੀਜ਼ਲ ਉੱਤੇ ਆਪਣੇ ਆਪਣੇ ਟੈਕਸ ਘਟਾਉਣ ਜੋ ਅਸਲ ਕੀਮਤ ਉੱਤੇ 60 ਤੋਂ 70 ਫ਼ੀਸਦੀ ਵੱਧ ਬਣਦੇ ਹਨ।

ਸੰਧਵਾਂ ਸਮੇਤ 'ਆਪ' ਵਿਧਾਇਕਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਮਹਿਜ਼ ਡਰਾਮਾ ਕਰਾਰ ਦਿੰਦੇ ਹੋਏ ਕਿਹਾ, ਕਿ ਜਿੱਥੇ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਵਜ਼ੀਰੀ ਦੀ ਫ਼ਿਕਰ ਕੀਤੇ ਬਿਨਾਂ ਮੋਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਣਾ ਚਾਹੀਦਾ ਹੈ। ਉੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਡੀਜ਼ਲ 'ਤੇ ਸੂਬੇ ਦੇ ਹਿੱਸੇ ਦਾ ਵੈਟ ਘਟਾ ਕੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ।

ABOUT THE AUTHOR

...view details