ਵਿਆਹ ਦੇ ਕਾਰਡ ਵੰਡ ਕੇ ਆਏ ਪਿਤਾ ਨੂੰ ਮੇਜਰ ਪੁੱਤ ਦੇ ਸ਼ਹੀਦ ਹੋਣ ਦੀ ਮਿਲੀ ਖ਼ਬਰ
ਨਵੀਂ ਦਿੱਲੀ: ਪੁਲਵਾਮਾ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਹੋਏ ਇੱਕ ਧਮਾਕੇ ਕਾਰਨ ਦੇਸ਼ ਨੇ ਇੱਕ ਹੋਰ ਨੌਜਵਾਨ ਗੁਆ ਦਿੱਤਾ ਹੈ। ਸ਼ਨੀਵਾਰ ਨੂੰ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਆਈਈਡੀ ਡਿਫਿਊਜ਼ ਕਰਨ ਵੇਲੇ ਇੱਕ ਧਮਾਕਾ ਹੋਇਆ ਜਿਸ ਵਿੱਚ ਭਾਰਤੀ ਫੌ਼ਜ ਦੇ ਮੇਜਰ ਚਿੱਤ੍ਰੇਸ਼ ਸਿੰਘ ਬਿਸ਼ਟ ਸ਼ਹੀਦ ਹੋ ਗਏ ਹਨ। ਇਸ ਧਮਾਕੇ ਵਿੱਚ ਇੱਕ ਹੋਰ ਜਵਾਨ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ 31 ਸਾਲਾ ਚਿੱਤ੍ਰੇਸ਼ ਅਗਲੇ ਮਹੀਨੇ ਮਾਰਚ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਨ ਜਾ ਰਹੇ ਸਨ। ਦੇਹਰਾਦੂਨ ਦੇ ਰਹਿਣ ਵਾਲੇ ਚਿੱਤ੍ਰੇਸ਼ ਦੇ ਪਿਤਾ ਉੱਤਰਾਖੰਡ ਪੁਲਿਸ ਵਿੱਚ ਇੰਸਪੈਕਟਰ ਸਨ ਤੇ ਉਹ ਉਤਰਾਖੰਡ ਦੇ ਰਾਣੀਖੇਤ ਦੇ ਪੀਪਲੀ ਪਿੰਡ ਦੇ ਰਹਿਣ ਵਾਲੇ ਹਨ। ਚਿੱਤ੍ਰੇਸ਼ ਦਾ ਵਿਆਹ 7 ਮਾਰਚ ਨੂੰ ਹੋਣਾ ਸੀ ਤੇ ਵਿਆਹ ਲਈ ਸੱਦੇ ਵੀ ਦਿੱਤੇ ਜਾ ਚੁੱਕੇ ਸਨ। ਉਸ ਦੇ ਪਿਤਾ ਉਸ ਵੇਲੇ ਵਿਆਹ ਦੇ ਕਾਰਡ ਵੰਡ ਕੇ ਘਰ ਵਾਪਸ ਪਰਤ ਰਹੇ ਸਨ ਜਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ। ਸ਼ਬੀਦ ਮੇਜਰ ਦਾ ਪਾਰਥਿਵ ਸ਼ਰੀਰ ਐਤਵਾਰ ਨੂੰ ਉੱਤਰਾਖੰਡ ਪੁੱਜੇਗਾ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਇਲਾਕਾ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਮੁਤਾਬਕਮੇਜਰ ਬੰਬ ਰੋਕੂ ਦਸਤੇ ਦੀ ਅਗਵਾਈ ਕਰ ਰਹੇ ਸਨ। ਅੱਤਵਾਦੀਆਂ ਵੱਲੋਂ ਲਾਏ ਆਈਈਡੀ ਨੂੰ ਨਕਾਰਾ ਕਰਦੇ ਸਮੇਂ ਧਮਾਕਾ ਹੋਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਹ ਆਈਈਡੀ ਨੌਸ਼ਹਿਰਾ ਸੈਕਟਰ ਦੀ ਐਲਓਸੀ ਤੋਂ 1.5 ਕਿਲੋਮੀਟਰ ਦੂਰ ਲਾਇਆ ਗਿਆ ਸੀ। ਫੌਜ ਵੱਲੋਂ ਉੱਥੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ।