ਹੈਦਰਾਬਾਦ ਡੈਸਕ:-ਪੰਜਾਬਵਿੱਚ ਵੈਸੇ ਤੇ ਸਾਰੇ ਹੀ ਤਿਉਹਾਰਾਂ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਰ ਇਹਨਾਂ ਵਿੱਚੋਂ ਕੁੱਝ ਤਿਉਹਾਰ ਪੰਜਾਬ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਇਸ ਤਰ੍ਹਾਂ ਹੀ ਇਸ ਸਾਲ ਵਿਸਾਖੀ ਦਾ ਤਿਉਹਾਰ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕੁੱਝ ਇਲਾਕਿਆਂ ਵਿੱਚ 14 ਅਪ੍ਰੈਲ ਨੂੰ ਮਨਾਇਆ ਜਾਵੇਗਾ। ਵਿਸਾਖੀ ਦਾ ਤਿਉਹਾਰ ਹਰ ਸਾਲ ਵਿਕਰਮ ਸੰਵਤ ਦੇ ਪਹਿਲੇ ਮਹੀਨੇ ਨੂੰ ਆਉਂਦਾ ਹੈ। ਵਿਸਾਖੀ ਦਾ ਤਿਉਹਾਰ ਸਿੱਖ ਧਰਮ ਵਿੱਚ ਆਪਣੀ ਵਿਸ਼ੇਸ਼ ਮਹੱਤਤਾ ਰੱਖਦਾ ਹੈ।
ਸਿੱਖ ਧਰਮ ਵਿੱਚ ਵਿਸਾਖੀ ਦੀ ਮਹੱਤਤਾ:-ਸਿੱਖ ਧਰਮ ਨਾਲ ਵਿਸਾਖੀ ਦਾ ਇੱਕ ਵੱਖਰਾ ਇਤਿਹਾਸ ਜੁੜਿਆ ਹੋਇਆ ਹੈ। ਸਿੱਖ ਧਰਮ ਵਿੱਚ ਸਿੱਖ ਵਿਸਾਖੀ ਨੂੰ ਨਵੇਂ ਸਾਲ ਦੇ ਰੂਪ ਵਿੱਚ ਮਨਾਉਂਦੇ ਹਨ। ਇਸ ਵਿਸਾਖੀ ਵਾਲੇ ਦਿਨ ਕਿਸਾਨਾਂ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਵਾਢੀ ਕੀਤੀ ਜਾਂਦੀ ਹੈ। ਇਸ ਵਾਢੀ ਦੀ ਖੁਸ਼ੀ ਵਿੱਚ ਵੀ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਨ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਕਰਕੇ ਵੀ ਵਿਸਾਖੀ ਦਾ ਸਿੱਖ ਧਰਮ ਨਾਲ ਵਿਸ਼ੇਸ਼ ਮਹੱਤਲ ਜੁੜਿਆ ਹੋਇਆ ਹੈ। ਵਿਸਾਖੀ ਵਾਲੇ ਦਿਨ ਸਿੱਖਾਂ ਦੇ ਤਖ਼ਤ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਹਿੰਦੂ ਧਰਮ ਵਿੱਚ ਵਿਸਾਖੀ ਦੀ ਮਹੱਤਤਾ:-ਵਿਸਾਖੀ ਦੇ ਤਿਉਹਾਰ ਦੇ ਸਿੱਖ ਧਰਮ ਦੇ ਨਾਲ-ਨਾਲ ਹਿੰਦੂ ਧਰਮ ਵਿੱਚ ਵੀ ਵਿਸ਼ੇਸ਼ ਮਹੱਤਤਾ ਹੈ। ਹਿੰਦੂ ਧਰਮ ਵਿੱਚ ਵਿਸਾਖੀ ਵਾਲੇ ਦਿਨ ਦਾਨ ਤੇ ਪੂਜਾ ਕਰਨ ਦੀ ਰੀਤ ਹੈ। ਹਿੰਦੂ ਮਾਨਤਾਵਾਂ ਦੇ ਅਨੁਸਾਰ ਮੁਨੀ ਭਗੀਰਥ ਨੇ ਦੇਵੀ ਗੰਗਾ ਨੂੰ ਧਰਤੀ ਉੱਤੇ ਲਿਆਉਣ ਲਈ ਤਪੱਸਿਆ ਕੀਤੀ ਸੀ, ਵਿਸਾਖੀ ਵਾਲੇ ਦਿਨ ਹੀ ਮੁਨੀ ਭਗੀਰਥ ਦੀ ਤਪੱਸਿਆ ਪੂਰੀ ਹੋਈ ਸੀ। ਹਿੰਦੂ ਧਰਮ ਵਿੱਚ ਇਹ ਵੀ ਮਾਨਤਾ ਹੈ ਕਿ ਵਿਸਾਖੀ ਵਾਲੇ ਦਿਨ ਗੰਗਾ ਵਿੱਚ ਇਸ਼ਨਾਨ ਤੇ ਪੂਜਾ ਕਰਨ ਨਾਲ ਵਿਸ਼ੇਸ਼ ਫਲ ਪ੍ਰਾਪਤ ਹੁੰਦਾ ਹੈ।