ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਸੂਬੇ ਵਿੱਚ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਕਾਰਪੋਰੇਟ ਹਸਪਤਾਲਾਂ ਨੂੰ ਸਰਕਾਰ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਵਾਸੀ ਸਸਤੇ ਅਤੇ ਕਿਫਾਇਤੀ ਰੇਟਾਂ ’ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਵਾਈਆਂ ਜਾ ਸਕਣ। ਇਸ ਭਾਈਵਾਲੀ ਨਾਲ ਆਮ ਲੋਕਾਂ ਨੂੰ ਕੋਈ ਵਾਧੂ ਖਰਚਾ ਨਹੀਂ ਚੁੱਕਣਾ ਪਏਗਾ ਕਿਉਂਕਿ ਸੇਵਾਵਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਿਹਤ ਸੰਭਾਲ ਪ੍ਰਦਾਤਾਵਾਂ ਜਾਂ ਕਾਰਪੋਰੇਟ ਹਸਪਤਾਲਾਂ ਦੇ ਮੋਹਰੀ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ । ”ਉਹਨਾਂ ਸਪੱਸ਼ਟ ਕੀਤਾ ਕਿ ਇਸ ਦਾ ਪ੍ਰਬੰਧਨ ਅਤੇ ਖਰਚਾ ਸਰਕਾਰ ਦੁਆਰਾ ਕੀਤਾ ਜਾਵੇਗਾ।
ਸਿਹਤ ਮੰਤਰੀ ਮੋਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਭਾਰਤ ਦੇ ਸਾਰੇ ਸਿਹਤ ਸੰਭਾਲ ਭਾਈਵਾਲਾਂ ਦੀ ਇੱਕ ਸਿਖਰਲੀ ਸੰਸਥਾ ਨੈਟਹੈਲਥ ਦੁਆਰਾ ਆਯੋਜਿਤ ਇੱਕ ਇੰਟਰਐਕਟਿਵ ਸੈਸ਼ਨ ‘‘ ਨਾਰਦਰਨ ਰੀਜਨ ਰਾਊਂਡਟੇਬਲ ਆਨ ਹੈਲਥਕੇਅਰ ਪ੍ਰਾਇਰਟੀਜ਼ ਆਫ ਪੰਜਾਬ ਐਂਡ ਦ ਵੇਅ ਫਾਰਵਰਡ ’’ ਦੀ ਪ੍ਰਧਾਨਗੀ ਕਰ ਰਹੇ ਸਨ। ਕਾਰਪੋਰੇਟ ਅਫੇਅਰਜ਼ ਐਂਡ ਸੀਐਸਆਰ,ਫੋਰਟਿਸ ਹੈਲਥਕੇਅਰ ਲਿਮਟਡ ਦੇ ਹੈਡ ਮਨੂ ਕਪਿਲਾ, ਸਕੱਤਰ ਜਨਰਲ ਨੈਟਹੈਲਥ ਸਿਦਾਰਥ ਭੱਟਾਚਾਰੀਆ, ਫੋਰਟਿਸ ਹਸਪਤਾਲ ਦੇ ਸੀਓਓ ਅਸ਼ੀਸ਼ ਭਾਟੀਆ, ਨੈਟਹੈਲਥ ਉੱਤਰੀ ਖੇਤਰ ਦੇ ਚੇਅਰ ਅਸ਼ਵਜੀਤ ਸਿੰਘ, ਪ੍ਰੋ: ਸਾਰੰਗ ਦਿਓ ਅਤੇ ਨੈਸ਼ਨਲ ਲੀਡ ਨੈਟਹੈਲਥ ਵਰਿੰਦਾ ਚਤੁਰਵੇਦੀ ਵੀ ਇਸ ਮੌਕੇ ਬੁਲਾਰੇ ਵਜੋਂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਉਹ ਰੋਕਥਾਮ ਲਈ ਮੁੱਖ ਮੰਤਰੀ ਦੀ ਯੋਗਸ਼ਾਲਾ ਦੀ ਸਥਾਪਨਾ ਦੇ ਨਾਲ-ਨਾਲ ਸਿਹਤ ਸੰਭਾਲ ਦੇ ਤਿੰਨ ਵਿੰਗਾਂ- ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ ਪੱਧਰ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।