ਅੰਮ੍ਰਿਤਸਰ: ਕਰਤਾਰਪੁਰ ਲਾਂਘੇ ਨੂੰ ਲੈ ਕੇ ਅਟਾਰੀ ਸਰਹੱਦ 'ਤੇ ਚੱਲ ਰਹੀ ਤੀਜੇ ਗੇੜ ਦੀ ਅਹਿਮ ਬੈਠਕ ਖ਼ਤਮ ਹੋ ਚੁੱਕੀ ਹੈ। ਭਾਰਤ ਪਾਕਿ ਵਿਚਾਲੇ ਹੋਈ ਇਸ ਬੈਠਕ 'ਚ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਫੈਸਲੇ ਲਏ ਗਏ ਹਨ। ਹਾਲਾਂਕਿ ਕਰਤਾਰਪੁਰ ਲਾਂਘੇ ਨੂੰ ਅੰਤਿਮ ਰੂਪ ਦੇਣ 'ਚ ਫ਼ੇਲ ਹੋਈ ਭਾਰਤ-ਪਾਕਿ ਵਿਚਾਲੇ ਦੀ ਬੈਠਕ।
ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਇਆ ਵਿਚਾਰ ਵਟਾਂਦਰਾ
- ਪੂਰਾ ਸਾਲ ਯਾਨੀ ਕਿ ਹਫ਼ਤੇ ਦੇ 7 ਦਿਨ ਖੁੱਲ੍ਹਾ ਰਹੇਗਾ ਕਰਤਾਰਪੁਰ ਲਾਂਘਾ
- ਹਰ ਦਿਨ 5000 ਸ਼ਰਧਾਲੂ ਕਰ ਸਕਣਗੇ ਨਨਕਾਣਾ ਸਾਹਿਬ ਦੇ ਦਰਸ਼ਨ
- ਭਾਰਤੀ ਪਾਸਪੋਰਟ ਵਾਲੇ ਨਾਗਰਿਕ ਹੀ ਜਾ ਸਕਣਗੇ ਪਾਕਿ
- ਵੀਜ਼ਾ ਫ੍ਰੀ ਜਾ ਸਕਣਗੇ ਭਾਰਤੀ ਸ਼ਰਧਾਲੂ
- ਭਾਰਤੀ ਮੂਲ ਦੇ ਦੂਜੇ ਦੇਸ਼ਾਂ ਦੇ ਨਾਗਰਿਕ (OCI) ਵੀ ਜਾ ਸਕਣਗੇ ਪਾਕਿ
ਭਾਰਤ ਪਾਕਿ ਵਿਚਾਲੇ 2 ਮੁੱਦਿਆਂ 'ਤੇ ਹੱਲੇ ਸਹਿਮਤੀ ਨਹੀਂ ਬਣ ਪਾਈ ਹੈ। ਜਿਸ ਦੇ ਚਲਦੇ ਦੋਹਾਂ ਦੇਸ਼ਾਂ ਵਿਚਾਲੇ ਮੁੜ ਤੋਂ ਬੈਠਕ ਹੋ ਸਕਦੀ ਹੈ। ਇਸ ਤੋਂ ਪਹਿਲਾ ਪਾਕਿ ਨੇ ਹਰ ਸ਼ਰਧਾਲੂ ਤੋਂ 20 ਅਮਰੀਕੀ ਡਾਲਰ ਦੀ ਫ਼ੀਸ ਵਸੂਲ ਕਰਨ ਦੀ ਮੰਗ ਰੱਖੀ ਸੀ। ਇਸ 'ਤੇ ਭਾਰਤ ਨੇ ਇਸ ਫ਼ੀਸ ਨੂੰ ਹਟਾਉਣ ਦੀ ਪਾਕਿ ਤੋਂ ਮੰਗ ਕੀਤੀ ਹੈ ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਪਿਛਲੇ 30 ਅਗਸਤ ਨੂੰ ਵੀ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘਾ ਜ਼ੀਰੋ ਪੁਆਇੰਟ 'ਤੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਲੇ ਬੈਠਕ ਹੋਈ ਸੀ। ਇਸ ਬੈਠਕ ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ, ਲੈਂਡ ਪੋਰਟ ਅਥਾਰਟੀ, ਨਹਿਰੀ ਵਿਭਾਗ ਅਤੇ ਬੀ.ਐੱਸ.ਐੱਫ਼ ਦੇ ਅਧਿਕਾਰੀ ਮੌਜੂਦ ਸਨ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ ਅਤੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ।
ਦੋਹਾਂ ਦੇਸ਼ਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ 8 ਨਵੰਬਰ ਨੂੰ ਇਸ ਕੌਰੀਡੋਰ ਨੂੰ ਖੋਲ੍ਹਿਆ ਜਾ ਸਕਦਾ ਹੈ। ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਅਜਿਹੇ 'ਚ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਲੈ ਕੇ ਇਹ ਬੈਠਕਾਂ ਅਹਿਮ ਮੰਨੀਆਂ ਜਾ ਰਹੀਆਂ ਹਨ।