ਚੰਡੀਗੜ੍ਹ: ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਵਿਚਾਲੇ ਕਦੇ ਸਪੈਸ਼ਲ ਸੈਸ਼ਨ ਨੂੰ ਲੈ ਕੇ ਜਾਂ ਸਰਕਾਰ ਵਲੋਂ ਕੀਤੇ ਖ਼ਰਚਿਆਂ ਦਾ ਹਿਸਾਬ ਮੰਗਣ ਨੂੰ ਲੈ ਕੇ ਬਹਿਸ ਛਿੜੀ ਰਹਿੰਦੀ ਹੈ। ਇਸ ਵਾਰ ਪੰਜਾਬ ਸਰਕਾਰ ਵਲੋਂ SYL (ਸਤਲੁਜ ਯਮੁਨਾ ਲਿੰਕ ਨਹਿਰ) ਨੂੰ ਲੈ ਕੇ ਦੋ ਦਿਨਾਂ ਸਪੈਸ਼ਲ ਪੰਜਾਬ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਸੀ, ਜਿਸ ਨੂੰ ਪੰਜਾਬ ਦੇ ਰਾਜਪਾਲ ਪੁਰੋਹਿਤ ਨੇ ਗੈਰ-ਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ। ਇਸ ਤੋਂ ਬਾਅਦ, ਉਸ ਸੈਸ਼ਨ ਨੂੰ ਅੱਧਵਾਟੇ ਹੀ ਖ਼ਤਮ ਕਰ ਦਿੱਤਾ ਗਿਆ ਅਤੇ ਵਿਧਾਨ ਸਭਾ ਅੰਦਰ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਗਵਰਨਰ ਖਿਲਾਫ ਸੁਪਰੀਮ ਕੋਰਟ ਜਾਣ ਦੀ ਗੱਲ ਆਖੀ।
ਪੰਜਾਬ ਸਰਕਾਰ ਵਲੋਂ ਸਾਲ ਵਿੱਚ ਦੂਜੀ ਪਟੀਸ਼ਨ ਦਾਇਰ:ਪੰਜਾਬ ਦੇ ਰਾਜਪਾਲ ਪੁਰੋਹਿਤ ਵਲੋਂ ਸਪੈਸ਼ਲ ਵਿਧਾਨ ਸਭਾ ਸੈਸ਼ਨ ਉੱਤੇ ਸਵਾਲ ਚੁੱਕੇ ਜਾਣ ਤੋਂ ਬਾਅਦ, ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ਉੱਤੇ ਅੱਜ ਯਾਨੀ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਫੈਸਲਾ ਆ ਸਕਦਾ ਹੈ। ਦੱਸ ਦਈਏ ਕਿ ਸਾਲ ਵਿੱਚ (Special Session On SYL Issue) ਇਹ ਦੂਜੀ ਵਾਰ ਹੈ ਕਿ ਜਦੋਂ ਪੰਜਾਬ ਸਰਕਾਰ, ਗਵਰਨਰ ਬਨਵਾਰੀ ਲਾਲ ਪੁਰੋਹਿਤ ਖਿਲਾਫ ਸੁਪਰੀਮ ਕੋਰਟ ਪਹੁੰਚੀ ਹੈ। ਇਸ ਤੋਂ ਪਹਿਲਾਂ, ਗਵਰਨਰ ਵਲੋਂ ਬਜਟ ਸੈਸ਼ਨ ਦੀ ਮੰਨਜ਼ੂਰੀ ਨਾ ਦਿੱਤੇ ਜਾਣ ਉੱਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਗਵਰਨਰ ਨੂੰ ਬਜਟ ਸੈਸ਼ਨ ਦੀ ਮੰਨਜ਼ੂਰੀ ਦੇਣੀ ਪਈ ਸੀ।