ਚੰਡੀਗੜ੍ਹ: ਬ੍ਰਿਟਿਸ਼ ਸਿਆਸਤਦਾਨ ਐਮ.ਪੀ. ਤਨਮਨਜੀਤ ਸਿੰਘ ਢੇਸੀ ਦੇ ਨਾਨੀ ਬੀਬੀ ਜਗੀਰ ਕੌਰ (86 ਸਾਲ) ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਮਾਤਾ ਜਗੀਰ ਕੌਰ ਦੀ ਮੌਤ ਦੋ ਹਫ਼ਤੇ ਪਹਿਲਾਂ ਹੋ ਗਈ ਸੀ ਪਰ ਉਨ੍ਹਾਂ ਦੇ ਕੋਵਿਡ -19 ਦੀ ਰਿਪੋਰਟ ਮੌਤ ਤੋਂ ਬਾਅਦ ਆਈ ਹੈ। ਉਨ੍ਹਾਂ ਦੀ ਮੌਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਿਰ ਕੀਤਾ ਹੈ।
ਦੱਸ ਦਈਏ, ਉਨ੍ਹਾਂ ਦੀ ਮੌਤ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੁੱਖ ਜ਼ਾਹਿਰ ਕੀਤਾ ਹੈ।
ਤੁਹਾਨੂੰ ਇੱਥੇ ਦੱਸਣਾ ਬਣਦਾ ਹੈ ਕਿ ਉਹ ਯੂ. ਕੇ. ਸਿੱਖ ਆਗੂ ਰਾਮ ਸਿੰਘ ਦੇ ਧਰਮ ਪਤਨੀ ਸਨ ਤੇ ਕੈਂਟ ਇਲਾਕੇ ਦੇ ਸ਼ਹਿਰ ਗ੍ਰੇਵਜ਼ੈਂਡ ਵਿਖੇ ਰਹਿ ਰਹੇ ਸਨ। ਨਵਾਂ ਸ਼ਹਿਰ ਦੇ ਪਿੰਡ ਜੰਡਿਆਲੀ ਨਾਲ ਸਬੰਧਿਤ ਜਗੀਰ ਕੌਰ ਦੇ 3 ਬੇਟੇ ਹਰਵਿੰਦਰ ਸਿੰਘ ਬਨਿੰਗ, ਰਾਵਿੰਦਰ ਸਿੰਘ ਬਨਿੰਗ, ਸਤਵਿੰਦਰ ਸਿੰਘ ਬਨਿੰਗ ਅਤੇ ਦੋ ਬੇਟੀਆਂ ਸਵ: ਤਲਵਿੰਦਰ ਕੌਰ ਚੱਠਾ ਤੇ ਦਲਵਿੰਦਰ ਕੌਰ ਢੇਸੀ ਸਨ।
ਤਨਮਨਜੀਤ ਸਿੰਘ ਢੇਸੀ ਇੱਕ ਬ੍ਰਿਟਿਸ਼ ਸਿਆਸਤਦਾਨ ਹੈ ਅਤੇ ਸਲੋਹ ਤੋਂ ਲੇਬਰ ਪਾਰਟੀ ਦਾ ਐਮਪੀ ਹੈ। ਉਹ ਜਸਪਾਲ ਸਿੰਘ ਢੇਸੀ ਦਾ ਪੁੱਤਰ ਹੈ ਜੋ ਬਰਤਾਨੀਆ ਵਿਚ ਇੱਕ ਨਿਰਮਾਣ ਕੰਪਨੀ ਚਲਾਉਂਦੇ ਹਨ ਅਤੇ ਗ੍ਰੇਵਸੇਂਦ ਵਿਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਸਾਬਕਾ ਪ੍ਰਧਾਨ ਹਨ, ਜੋ ਯੂ ਕੇ ਵਿਚ ਸਭ ਤੋਂ ਵੱਡਾ ਗੁਰਦੁਆਰਾ ਹੈ।
ਢੇਸੀ ਨੇ ਯੂਨੀਵਰਸਿਟੀ ਕਾਲਜ ਲੰਡਨ ਦੇ ਮੈਨੇਜਮੈਂਟ ਅਧਿਐਨਾਂ ਨਾਲ ਗਣਿਤ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ, ਕੇਬਲ ਕਾਲਜ, ਔਕਸਫੋਰਡ ਵਿੱਚ ਵਿਵਹਾਰਕ ਅੰਕੜਾ ਵਿਗਿਆਨ ਦਾ ਅਧਿਅਨ ਕੀਤਾ ਹੈ ਅਤੇ ਫਿਟਜਵਿਲੀਅਮ ਕਾਲਜ, ਕੈਮਬ੍ਰਿਜ ਤੋਂ ਦੱਖਣੀ ਏਸ਼ੀਆ ਦੇ ਇਤਿਹਾਸ ਅਤੇ ਰਾਜਨੀਤੀ ਵਿੱਚ ਐਮ ਫਿਲ ਕੀਤੀ ਹੈ।