ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਮੰਗਣ ਵਾਲੇ ਪੱਤਰ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਆਪ' ਦੇ 14 ਵਾਅਦੇ ਯਾਦ ਕਰਵਾ ਕੇ ਜਵਾਬ ਮੰਗਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਤੰਜ ਕੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿੱਲ ਲੋਕਾਂ ਦੇ ਪੈਸੇ ਨਾਲ ਅਦਾ ਕੀਤੇ ਜਾ ਰਹੇ ਹਨ। (Arvind Kejriwal) (Sukhbir Badal Target on Govt) (CM Bhagwant Mann) ( Governor Banwari Lal Purohit )
ਸੁਖਬੀਰ ਬਾਦਲ ਨੇ ਸਾਧਿਆ ਨਿਸ਼ਾਨਾ: ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ- ਪੰਜਾਬ ਜਵਾਬ ਮੰਗ ਰਿਹਾ ਹੈ। ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਸਿਰ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵਧਾ ਦਿੱਤਾ ਹੈ। ਇਹ ਕਰਜ਼ਾ ਕਿਸ 'ਤੇ ਖਰਚ ਕੀਤਾ ਗਿਆ? ਸੁਖਬੀਰ ਬਾਦਲ ਨੇ ਸਵਾਲ ਪੁੱਛਦਿਆਂ ਕਿਹਾ, ਕੀ ਲੋਕਾਂ ਦਾ ਪੈਸਾ ਸਿਰਫ ਸਵੈ-ਪ੍ਰਮੋਸ਼ਨ ਅਤੇ ਦਿੱਲੀ ਦੇ ਬੌਸ ਅਰਵਿੰਦ ਕੇਜਰੀਵਾਲ ਦੇ ਹਵਾਈ ਸਫਰ ਅਤੇ ਹੋਟਲ ਦੇ ਬਿੱਲਾਂ ਦਾ ਭੁਗਤਾਨ ਕਰਨ 'ਤੇ ਖਰਚ ਕੀਤਾ ਗਿਆ ਸੀ?
ਸੁਖਬੀਰ ਬਾਦਲ ਨੇ ਚੁੱਕੇ ਇਹ ਮੁੱਦੇ:
- ਫਸਲ ਦਾ ਮੁਆਵਜ਼ਾ - ਭੁਗਤਾਨ ਨਹੀਂ ਕੀਤਾ ਗਿਆ
- ਹੜ੍ਹ ਦਾ ਮੁਆਵਜ਼ਾ – ਭੁਗਤਾਨ ਨਹੀਂ ਕੀਤਾ ਗਿਆ
- ਔਰਤਾਂ ਨੂੰ 1000 ਰੁਪਏ/ਮਹੀਨਾ - ਭੁਗਤਾਨ ਨਹੀਂ ਕੀਤਾ
- ਬਜ਼ੁਰਗਾਂ ਨੂੰ ਸੋਧੀ ਹੋਈ ਪੈਨਸ਼ਨ - ਭੁਗਤਾਨ ਨਹੀਂ ਕੀਤਾ
- ਨਵੀਆਂ ਵਿਆਹੀਆਂ ਕੁੜੀਆਂ ਨੂੰ ਸ਼ਗਨ - ਕੋਈ ਭੁਗਤਾਨ ਨਹੀਂ
- ਬੇਰੁਜ਼ਗਾਰੀ ਭੱਤਾ - ਭੁਗਤਾਨ ਨਹੀਂ ਕੀਤਾ
- ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ - ਬੰਦ
- ਮੁਫ਼ਤ ਤੀਰਥ ਯਾਤਰਾ ਸਕੀਮ - ਬੰਦ
- ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ - ਨਹੀਂ ਦਿੱਤੇ ਗਏ
- ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਭਾਂਡੇ – ਨਹੀਂ ਦਿੱਤੇ ਗਏ
- ਆਟਾ-ਦਾਲ ਸਕੀਮ - ਕਾਰਡ ਹਟਾਏ ਗਏ
- ਸੇਵਾ ਕੇਂਦਰ - ਬੰਦ
- ਸੁਵਿਧਾ ਕੇਂਦਰ - ਬੰਦ
- ਨਵੀਆਂ ਸੜਕਾਂ/ਫਲਾਈਓਵਰ (ਬੁਨਿਆਦੀ ਢਾਂਚਾ): ਉਸਾਰਿਆ ਨਹੀਂ ਗਿਆ
ਵਿਵਾਦ ਪੈਦਾ ਹੋਣ ਦੇ ਕਾਰਨ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੀਤੇ ਦਿਨੀਂਪੰਜਾਬ ਸਰਕਾਰ ਤੋਂ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਮੰਗਿਆ ਹੈ। ਰਾਜਪਾਲ ਦੇ ਪੱਤਰ ਅਨੁਸਾਰ ਇਹ ਕਰਜ਼ਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰਾਜਪਾਲ ਨੂੰ ਪੱਤਰ ਲਿਖਿਆ ਸੀ। ਜਿਸ ਵਿੱਚ ਉਨ੍ਹਾਂ ਕੇਂਦਰ ਸਰਕਾਰ ਤੋਂ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਦੀ 5637 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰਨ ਲਈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅੱਗੇ ਪੰਜਾਬ ਦਾ ਇਹ ਮੁੱਦਾ ਉਠਾਉਣ ਦੀ ਮੰਗ ਕੀਤੀ ਸੀ।
ਰਾਜਪਾਲ ਦੇ ਪੱਤਰ ਨੂੰ ਲੈਕੇ ਵਿਰੋਧੀਆਂ ਨੇ ਘੇਰਿਆ:ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਪੱਤਰ 'ਚ ਲਿਖਿਆ- ਇਹ ਪਤਾ ਲੱਗਿਆ ਹੈ ਕਿ ਤੁਹਾਡੇ ਸ਼ਾਸਨ ਦੌਰਾਨ ਪੰਜਾਬ ਦਾ ਕਰਜ਼ਾ ਕਰੀਬ 50,000 ਕਰੋੜ ਰੁਪਏ ਵਧ ਗਿਆ ਹੈ। ਇਸ ਵੱਡੀ ਰਕਮ ਦੀ ਵਰਤੋਂ ਦੇ ਵੇਰਵੇ ਦਿੱਤੇ ਜਾਣ ਤਾਂ ਜੋ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ ਜਾ ਸਕੇ ਕਿ ਪੈਸੇ ਦੀ ਸਹੀ ਵਰਤੋਂ ਕੀਤੀ ਗਈ ਹੈ।