ਘਾਟੀ ਲਈ 25 ਹਜ਼ਾਰ ਫ਼ੌਜੀ ਹੋਰ ਰਵਾਨਾ,ਲੋਕਾਂ ਵਿੱਚ ਦਹਿਸ਼ਤ - ਅਮਰਨਾਥ ਯਾਤਰਾ
ਘਾਟੀ ਵਿੱਚ ਕੇਂਦਰ ਸਰਕਾਰ ਲਗਾਤਰ ਫ਼ੌਜੀ ਬਲ ਭੇਜ ਰਹੀ ਹੈ ਜਿਸ ਦੇ ਚਲਦੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬੀਤੇ ਦਿਨ ਕੇਂਦਰ ਸਥਾਨਕ ਸਰਕਾਰ ਨੇ 25 ਹਜ਼ਾਰ ਤੋਂ ਵੱਧ ਸੈਨਿਕ ਬਲ ਭੇਜਣ ਦਾ ਫ਼ੈਸਲਾ ਕਰ ਲਿਆ ਹੈ।
ਸ੍ਰੀਨਗਰ: ਘਾਟੀ ਵਿੱਚ 10 ਹਜ਼ਾਰ ਸੁਰੱਖਿਆਂ ਬਲਾਂ ਦੀ ਤੈਨਾਤੀ ਦੇ ਫ਼ੈਸਲੇ ਤੋਂ ਇੱਕ ਹਫ਼ਤੇ ਬਾਅਦ ਹੀ ਘਾਟੀ ਵਿੱਚ 25 ਹਜ਼ਾਰ ਫ਼ੌਜੀ ਭੇਜ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਵਾਨ ਸ੍ਰੀਨਗਰ ਵਾਦੀ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤੈਨਾਤ ਕੀਤਾ ਜਾ ਰਿਹਾ ਹੈ।
ਵਾਦੀ ਵਿੱਚ ਐਨੀ ਵੱਡੀ ਗਿਣਤੀ ਵਿੱਚ ਫ਼ੌਜੀਆਂ ਦੀ ਤੈਨਾਤੀ ਤੋਂ ਬਾਅਦ ਅੱਡ-ਅੱਡ ਤਰ੍ਹਾਂ ਦੀਆਂ ਅੰਦਾਜ਼ੇ ਲਾਏ ਜਾ ਰਹੇ ਹਨ। ਪਿਛਲੇ ਹਫ਼ਤੇ ਹੀ ਸਰਕਾਰ ਨੇ ਕਿਹਾ ਸੀ ਕਿ ਘਾਟੀ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਫ਼ੌਜ ਤੈਨਾਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਥਾਨਕ ਆਗੂਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕੇਂਦਰ ਸਰਕਾਰ ਧਾਰਾ 35ਏ ਹਟਾਉਣ ਦੀ ਫਿਰਾਕ ਵਿੱਚ ਹੈ ਪਰ ਇਸ ਨੂੰ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ ਨੇ ਖ਼ਾਰਜ਼ ਕਰ ਦਿੱਤਾ ਸੀ ਉਨ੍ਹਾਂ ਕਿਹਾ ਸੀ ਕਿ ਇਹੋ ਜਾ ਕੁਝ ਨਹੀਂ ਹੋ ਰਿਹਾ।
ਜਦੋਂ ਪਹਿਲਾਂ ਘਾਟੀ ਵਿੱਚ 10 ਹਜ਼ਾਰ ਫੌਜੀਆਂ ਦੇ ਭੇਜਣ ਦੀ ਗੱਲ ਹੋਈ ਸੀ ਤਾਂ ਘਾਟੀ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਸੀ ਕਿ ਧਾਰਾ 35ਏ ਨਾਲ ਛੇੜਛਾੜ ਕਰਨਾ ਬਾਰੂਦ ਦੇ ਢੇਰ ਨੂੰ ਹੱਥ ਲਾਉਣ ਦੇ ਬਰਾਬਰ ਹੈ।
ਇੱਥੇ ਸੋਚਣ ਵਾਲੀ ਗੱਲ ਹੈ ਕਿ 4 ਅਗਸਤ ਤੱਕ ਅਮਰਨਾਥ ਦੀ ਯਾਤਰਾ ਵੀ ਖ਼ਰਾਬ ਮੌਸਮ ਦਾ ਹਵਾਲਾ ਦੇ ਕੇ ਰੋਕ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਖ਼ਰਾਬ ਮੌਸਮ ਦੇ ਚਲਦਿਆਂ ਇਹ ਯਾਤਰਾ ਰੋਕੀ ਗਈ ਹੈ ਪਰ ਮੌਸਮ ਵਿਭਾਗ ਨੇ ਅਜੇ ਤੱਕ ਮੌਸਮ ਵਿੱਚ ਕੋਈ ਵੱਡਾ ਫੇਰਬਦਲ ਹੋਣ ਦੀ ਗੱਲ ਨਹੀਂ ਆਖੀ ਹੈ। ਇੱਥੇ ਇਹ ਜ਼ਿਕਰ ਕਰ ਦਈਏ ਕਿ ਅਮਰਨਾਥ ਯਾਤਰਾ ਲਈ 40 ਹਜ਼ਾਰ ਫ਼ੌਜੀ ਪਹਿਲਾ ਹੀ ਤੈਨਾਤ ਕੀਤੇ ਗਏ ਹਨ।
ਘਾਟੀ ਵਿੱਚ ਵੱਡੀ ਗਿਣਤੀ ਵਿੱਚ ਫ਼ੌਜੀਆਂ ਦੀ ਤੈਨਾਤੀ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।