ਚੰਡੀਗੜ੍ਹ:ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੋਂ ਕਦੋਂ ਗੈਂਗਲੈਂਡ ਵਿੱਚ ਤਬਦੀਲ ਹੋਈ ਪਤਾ ਹੀ ਨਹੀਂ ਲੱਗਿਆ ਅਤੇ ਹੁਣ ਇਨ੍ਹਾਂ ਗੈਂਗਸਟਰਾਂ ਦੇ ਹੱਥ ਇੰਨੇ ਮਜ਼ਬੂਤ ਨੇ ਕਿ ਇਹ ਵਿਦੇਸ਼ਾਂ ਵਿੱਚ ਬੈਠੇ ਕੇ ਪੰਜਾਬ ਅਤੇ ਭਾਰਤ ਅੰਦਰ ਕਿਸੇ ਨੂੰ ਵੀ ਧਮਕੀਆਂ ਦੇਣ ਤੋਂ ਇਲਵਾ ਕਤਲ ਕਰਨ ਤੱਕ ਦੀ ਤਾਕਤ ਰੱਖਦੇ ਨੇ। ਸਾਰੇ ਗੈਂਗਸਟਰਾਂ ਵਿੱਚੋਂ ਚਰਚਿਤ ਨਾਂਅ ਗੋਲਡੀ ਬਰਾੜ ਦਾ ਹੈ ਜਿਸ ਨੇ ਸ਼ਰੇਆਮ ਪੰਜਾਬ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜ਼ਿੰਮੇਵਾਰੀ ਲਈ ਅਤੇ ਕਤਲ ਤੋਂ ਪਹਿਲਾਂ ਮੂਸੇਵਾਲਾ ਨੂੰ ਲਗਾਤਾਰ ਧਮਕੀਆਂ ਦੇਣ ਦੀ ਗੱਲ ਵੀ ਕਬੂਲੀ ਸੀ।
ਹਨੀ ਸਿੰਘ ਨੂੰ ਧਮਕੀ: ਗੈਂਗਸਟਰ ਗੋਲਡੀ ਬਰਾੜ ਨੇ ਉਂਝ ਤਾਂ ਪੰਜਾਬ ਵਿੱਚ ਬਹੁਤ ਸਾਰੀਆਂ ਹਸਤੀਆਂ ਨੂੰ ਧਮਕੀਆਂ ਫਿਰੌਤੀਆਂ ਲਈ ਦਿੱਤੀਆਂ ਨੇ ਪਰ ਤਾਜ਼ਾ ਮਾਮਲਾ ਪੰਜਾਬ ਦੇ ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਨਾਲ ਜੁੜਿਆ ਹੈ। ਹਨੀ ਸਿੰਘ ਨੇ ਖੁੱਦ ਸ਼ਿਕਾਇਤ ਦਰਜ ਕਰਵਾ ਕੇ ਕਿਹਾ ਹੈ ਕਿ ਉਸ ਨੂੰ ਗੋਲਡੀ ਬਰਾੜ ਨੇ ਧਮਕੀ ਭਰੇ ਮੈਸੇਜ ਭੇਜੇ ਨੇ ਅਤੇ ਫੋਨ ਕਾਲਾਂ ਵੀ ਕੀਤੀਆਂ ਹਨ। ਹਨੀ ਸਿੰਘ ਗੋਲਡੀ ਬਰਾੜ ਦੀ ਰਡਾਰ ਉੱਤੇ ਆਉਣ ਤੋਂ ਬਾਅਦ ਘਬਰਾਏ ਹੋਏ ਨੇ। ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹਨੀ ਸਿੰਘ ਜੱਦੋ-ਜਹਿਦ ਕਰ ਰਹੇ ਹਨ।
ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਨੂੰ ਧਮਕੀ: ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਮਿਲ ਕੇ ਗੈਂਗ ਚਲਾਉਂਦੇ ਨੇ ਅਤੇ ਇਸ ਗੈਂਗ ਵੱਲੋਂ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਈ-ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸਲਮਾਨ ਖਾਨ ਦੇ ਮੈਨੇਜਰ ਨੇ ਬਾਂਦਰਾ ਪੁਲਿਸ ਸਟੇਸ਼ਨ ਪਹੁੰਚ ਕੇ ਰਿਪੋਰਟ ਦਰਜ ਕਰਵਾਈ ਸੀ। ਮੁੰਬਈ ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ । ਦੱਸ ਦੇਈਏ ਕਿ 18 ਮਾਰਚ ਨੂੰ ਸਲਮਾਨ ਦੇ ਮੈਨੇਜਰ ਨੂੰ ਧਮਕੀ ਭਰਿਆ ਈ-ਮੇਲ ਆਇਆ ਸੀ, ਜਿਸ 'ਚ ਸਲਮਾਨ ਖਾਨ ਨੂੰ ਮਾਰਨ ਵਾਰੇ ਲਿਖਿਆ ਗਿਆ ਸੀ। ਸਲਮਾਨ ਖਾਨ ਨੂੰ ਇਹ ਧਮਕੀ ਗੈਂਗਸਟਰ ਗੋਲਡੀ ਬਰਾੜ ਦੇ ਇੱਕ ਸਾਥੀ ਨੇ ਦਿੱਤੀ ਸੀ, ਜੋ ਕੈਨੇਡਾ ਤੋਂ ਆਪਣਾ ਗੈਂਗ ਚਲਾ ਰਿਹਾ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਸੀ।
ਜੇਲ੍ਹ ਮੰਤਰੀ ਅਤੇ ਡੀਜੀਪੀ ਨੂੰ ਧਮਕੀ: ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਅਤੇ ਜੇਲ੍ਹ ਮੰਤਰੀ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਡੀਜੀਪੀ ਸਮੇਤ ਤਤਕਾਲੀ ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਧਮਕੀ ਦਿੱਤੀ । ਧਮਕੀ ਵਾਲੀ ਪੋਸਟ 'ਚ ਸਾਫ਼ ਲਿਖਿਆ ਗਿਆ ਕਿ ਜੇਲ੍ਹ 'ਚ ਬੰਦ ਗੈਂਗਸਟਰਾਂ ਭਰਾਵਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਕਿ ਜਲਦ ਬੰਦ ਹੋਣਾ ਚਾਹੀਦਾ ਹੈ। ਗੋਲਡੀ ਨੇ ਕਿਹਾ ਸੀ ਕਿ ਬਠਿੰਡਾ 'ਚ ਸਾਡੇ ਭਰਾ ਸਾਰਜ ਸੰਧੂ, ਬੌਬੀ ਮਲਹੋਤਰਾ ਤੇ ਜਗਰੋਸ਼ਨ ਹੁੰਦਲ ਨੂੰ ਤੰਗ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਤੇ ਤਤਕਾਲੀ ਜੇਲ੍ਹ ਮੰਤਰੀ ਹਰਜੋਤ ਬੈਂਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਕਾਰਵਾਈ ਕਰਨ ਲਈ ਬੇਨਤੀ ਕੀਤੀ। ਗੋਲਡੀ ਨੇ ਕਿਹਾ ਜੇਕਰ ਇਹ ਬੰਦ ਨਾ ਹੋਇਆ ਤਾਂ ਫਿਰ ਸਾਨੂੰ ਮੂਸੇਵਾਲਾ ਮਰਡਰ ਵਰਗੀ ਵੱਡੀ ਵਾਰਦਾਤ ਕਰਨੀ ਪਵੇਗੀ। ਗੋਲਡੀ ਨੇ ਸੋਸ਼ਲ਼ ਮੀਡੀਆ ਜ਼ਰੀਏ ਧਮਕੀ ਦਿੱਤੀ ਸੀ।