ਚੰਡੀਗੜ੍ਹ:ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਦੁਬਈ ਵਿਖੇ ਹੋਏ ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ਵਿੱਚ ਭਾਰਤ ਦੇ ਪੈਰਾ ਪਾਵਰ ਲਿਫਟਰਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਦਿਖਾਇਆ। ਭਾਰਤੀ ਟੀਮ ਨੇ ਦੋ ਸੋਨੇ, ਦੋ ਚਾਂਦੀ ਤੇ ਪੰਜ ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 9 ਤਮਗ਼ੇ ਜਿੱਤੇ। ਇਸ ਵਿੱਚ ਪੰਜਾਬ ਦੇ ਮਨਪ੍ਰੀਤ ਕੌਰ ਨੇ ਇਕ ਚਾਂਦੀ ਤੇ ਇਕ ਕਾਂਸੀ ਅਤੇ ਪਰਮਜੀਤ ਕੁਮਾਰ ਨੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ।
'ਖਿਡਾਰੀਆਂ ਨੂੰ ਕੌਮਾਂਤਰੀ ਖੇਡ ਮੰਚ ਤੱਕ ਪਹੁੰਚਾਉਣ ਲਈ ਹਰ ਕੀਤੇ ਜਾਣਗੇ ਉਪਰਾਲੇ':ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਤਮਗ਼ਾ ਜਿੱਤਣ ਵਾਲੇ ਭਾਰਤੀ ਖੇਡ ਦਲ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਪੰਜਾਬ ਦੇ ਦੋਵੇਂ ਪਾਵਰ ਲਿਫਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਨਪ੍ਰੀਤ ਕੌਰ ਤੇ ਪਰਮਜੀਤ ਕੁਮਾਰ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਾ ਸਿਰਫ ਸੂਬੇ ਬਲਕਿ ਦੇਸ਼ ਦਾ ਨਾਮ ਰੌਸ਼ਨ ਕੀਤਾ। ਖੇਡ ਮੰਤਰੀ ਨੇ ਕਿਹਾ ਕਿ ਪੈਰਾ ਖਿਡਾਰੀਆਂ ਵੱਲੋਂ ਔਕੜਾਂ ਦੇ ਬਾਵਜੂਦ ਆਪਣੀ ਹਿੰਮਤ, ਸਾਹਸ ਤੇ ਸਖ਼ਤ ਮਿਹਨਤ ਨਾਲ ਅੱਗੇ ਵਧਦਿਆਂ ਦਿਖਾਇਆ ਇਹ ਪ੍ਰਦਰਸ਼ਨ ਜਿੱਥੇ ਲੋਕਾਂ ਲਈ ਪ੍ਰੇਰਨਾ ਸ੍ਰੋਤ ਹੈ ਉਥੇ ਪੈਰਾ ਖਿਡਾਰੀਆਂ ਤੇ ਦਿਵਿਆਂਗ ਵਿਅਕਤੀਆਂ ਲਈ ਚਾਨਣ ਮੁਨਾਰੇ ਵਾਂਗ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਜਿੱਥੇ ਪੈਰਾ ਸਪੋਰਟਸ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ ਅਤੇ ਇਹ ਵਿਸ਼ਵਾਸ ਦਿਵਾਉਂਦੀ ਹੈ ਕਿ ਪੰਜਾਬ ਦੇ ਖਿਡਾਰੀਆਂ ਨੂੰ ਕੌਮਾਂਤਰੀ ਖੇਡ ਮੰਚ ਤੱਕ ਪਹੁੰਚਾਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।