ਚੰਡੀਗੜ੍ਹ :ਪੰਜਾਬ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅਸ਼ੋਕ ਕੁਮਾਰ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਜਿਸਨੂੰ 10 ਫਰਵਰੀ, 2020 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਖੇਤਰ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਦੋਸ਼ੀਆਂ ਨੂੰ 27 ਮਾਰਚ ਵਾਲੇ ਦਿਨ ਪੁਲੀਸ ਥਾਣਾ ਸ਼ਾਹਪੁਰ ਕੰਢੀ, ਜ਼ਿਲ੍ਹਾ ਪਠਾਨਕੋਟ ਦੀ ਇੱਕ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀਆਂ ਦੀ ਪਛਾਣ ਜਗਮੀਤ ਸਿੰਘ ਉਰਫ਼ ਮੀਤ ਪੁੱਤਰ ਨਰਿੰਦਰ ਸਿੰਘ ਵਾਸੀ ਪੱਬਾਰਾਲੀ ਕਲਾਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ; ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਲਖਬੀਰ ਸਿੰਘ ਵਾਸੀ ਝਾਂਜਿਆਂ ਖੁਰਦ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ; ਅਤੇ ਰਾਜਿੰਦਰ ਸਿੰਘ ਉਰਫ ਨਿੱਕੂ ਪੁੱਤਰ ਕਸ਼ਮੀਰ ਸਿੰਘ ਵਾਸੀ ਗੁੰਨੋਪੁਰ ਪੁਲਿਸ ਥਾਣਾ ਭੈਣੀ ਮੀਆਂ ਖਾਂ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਦੋਸ਼ੀਆਂ ਪਾਸੋਂ ਇਕ 9 ਐਮ.ਐਮ. ਪਿਸਤੌਲ ਨਾਲ ਦੋ ਮੈਗਜ਼ੀਨਾਂ ਅਤੇ 21 ਜ਼ਿੰਦਾ ਕਾਰਤੂਸ ਅਤੇ ਇਕ 30 ਬੋਰ ਪਿਸਤੌਲ ਸਮੇਤ 18 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ, ਜਿਸ ਲਈ ਇਕ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕੱਥੂਨੰਗਲ ਅਤੇ ਦਸੂਹਾ ਤੋਂ ਇੱਕ ਆਈ 20 ਕਾਰ ਅਤੇ ਇੱਕ ਮੋਟਰਸਾਈਕਲ ਖੋਹਣ ਦੇ ਮਾਮਲੇ ਵਿੱਚ ਵੀ ਸ਼ਾਮਲ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਜਗਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਪਿੰਡ ਢਿੱਲਵਾਂ, ਜ਼ਿਲ੍ਹਾ ਬਟਾਲਾ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦੇ ਕਤਲ ਕੇਸ ਵਿੱਚ ਵੀ ਲੋੜੀਂਦੇ ਸਨ।