ਚੰਡੀਗੜ੍ਹ: ਸੈਂਟਰਲ ਐਡਮਿਨਿਸਟ੍ਰੇਸ਼ਨ ਟ੍ਰਿਬਿਊਨਲ ਯਾਨੀ ਕਿ ਕੈਟ ਤੋਂ ਚੰਡੀਗੜ੍ਹ ਦੇ ਛੇ ਕਾਲਜਾਂ ਵਿੱਚ ਤੈਨਾਤ 42 ਅਸਿਸਟੈਂਟ ਪ੍ਰੋਫੈਸਰ ਨੂੰ ਸ਼ੁੱਕਰਵਾਰ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਸਾਰੇ ਕਾਂਟਰੈਕਚੁਅੱਲ ਅਸਿਸਟੈਂਟ ਪ੍ਰੋਫੈਸਰ ਦਾ ਕਾਂਟਰੈਕਟ 31 ਮਈ ਨੂੰ ਖਤਮ ਹੋਣਾ ਹੈ।
ਕੈਟ ਤੋਂ ਮਿਲੀ ਰਾਹਤ ਦੇ ਅਨੁਸਾਰ ਜਦ ਤੱਕ ਨਵੀਂ ਭਰਤੀ ਨਹੀਂ ਹੁੰਦੀ ਤਦ ਤੱਕ ਇਨ੍ਹਾਂ ਨੂੰ ਨਹੀਂ ਹਟਾਇਆ ਜਾਵੇਗਾ। ਦਰਅਸਲ, ਕਾਂਟਰੈਕਟ ਖਤਮ ਹੋਣ ਦੀ ਤਾਰੀਖ਼ ਨਜ਼ਦੀਕ ਹੋਣ ਤੇ ਅਸਿਸਟੈਂਟ ਪ੍ਰੋਫੈਸਰ ਵੱਲੋਂ ਕੈਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਨਵੀਂ ਭਰਤੀ ਹੋਣ ਤੱਕ ਉਨ੍ਹਾਂ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ।
ਪਟੀਸ਼ਨ ਵਿੱਚ 42 ਅਸਿਸਟੈਂਟ ਪ੍ਰੋਫੈਸਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇਕ ਸਾਲ ਪਹਿਲਾਂ ਭਰਤੀ ਕੀਤਾ ਗਿਆ ਸੀ ਤੇ 31 ਮਾਰਚ ਨੂੰ ਇਨ੍ਹਾਂ ਦਾ ਕਾਂਟਰੈਕਟ ਖਤਮ ਹੋਣਾ ਸੀ ਪਰ ਕਾਲਜ ਦਾ ਸੈਸ਼ਨ ਮਈ ਤੱਕ ਹੋਣ ਕਾਰਨ ਇਨ੍ਹਾਂ ਨੂੰ 31 ਮਈ ਤੱਕ ਐਕਸਟੈਂਸ਼ਨ ਦੇ ਦਿੱਤੀ ਗਈ ਸੀ।
ਹਾਲੇ ਤੱਕ ਇਨ੍ਹਾਂ ਨੂੰ ਨੌਕਰੀ ਤੋਂ ਕੱਢਣ ਦੇ ਆਰਡਰ ਜਾਰੀ ਨਹੀਂ ਹੋਏ ਪਰ ਇਨ੍ਹਾਂ ਦਾ ਐਕਸਟੈਂਸ਼ਨ ਆਰਡਰ 31 ਮਈ ਤਕ ਹੀ ਹੈ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦ ਤੱਕ ਡਿਪਾਰਟਮੈਂਟ ਇਨ੍ਹਾਂ ਦੀ ਥਾਂ ਰੈਗੂਲਰ ਅਪਾਇੰਟਮੈਂਟ ਨਹੀਂ ਕਰਦਾ ਤੱਦ ਤੱਕ ਇਨ੍ਹਾਂ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ।
ਪਟੀਸ਼ਨ ਕਰਤਾ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਤਾਲਾਬੰਦੀ ਦੌਰਾਨ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਤਾਂ ਉਨ੍ਹਾਂ ਨੂੰ ਹੋਰ ਕਿਤੇ ਵੀ ਕੰਮ ਨਹੀਂ ਮਿਲੇਗਾ। ਫਿਲਹਾਲ ਨਵੀਂ ਭਰਤੀ ਵੀ ਮੁਸ਼ਕਿਲ ਹੈ। ਇਸ ਵਿੱਚ ਉਨ੍ਹਾਂ ਨੂੰ ਐਕਸਟੈਂਸ਼ਨ ਦੇ ਦੇਣੀ ਚਾਹੀਦੀ ਹੈ।