"ਪੰਜਾਬੀਆਂ ਨਾਲ ਠੱਗੀ ਦਾ ਦਸਤਾਵੇਜ਼ ਐ "ਆਪ" ਦਾ ਬਜਟ" ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿਚ ਬਜਟ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਆਪਣੇ ਸੰਬੋਧਾਨ ਦੌਰਾਨ ਵਿੱਤੀ ਵਰ੍ਹੇ 2023-24 ਦੌਰਾਨ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਦੱਸਿਆ। ਸਰਕਾਰ ਦੇ ਬਜਟ ਉਤੇ ਵਿਰੋਧੀ ਧਿਰਾਂ ਵੱਲੋਂ ਨਿਸ਼ਾਨੇ ਕੱਸੇ ਜਾ ਰਹੇ ਹਨ। ਇਸ ਦੌਰਾਨ ਭਾਜਪਾ ਦੇ ਆਗੂ ਸੁਭਾਸ਼ ਸ਼ਰਮਾ ਨੇ ਟਵੀਟ ਜਾਰੀ ਕਰਦਿਆਂ ਸਰਕਾਰ ਨੂੰ ਘੇਰਿਆ ਹੈ।
ਸੁਭਾਸ਼ ਸ਼ਰਮਾ ਦਾ ਟਵੀਟ : ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਉਤੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਲਿਖਿਆ ਕਿ "ਆਪ ਦਾ ਬਜਟ ਪੰਜਾਬੀਆਂ ਨਾਲ ਠੱਗੀ ਦਾ ਦਸਤਾਵੇਜ਼ ਹੈ। ਬਜਟ ਵਿਚ ਔਰਤਾਂ ਨੂੰ 1000 ਰੁਪਏ, ਕਿਸਾਨਾਂ ਦੀ ਕਰਜ਼ਾ ਮੁਆਫੀ, ਐਮਐਸਪੀ, ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸਮੇਤ ਕਈ ਗਾਰੰਟੀਆਂ ਦੀ ਗੱਲ ਹੀ ਨਹੀਂ ਹੈ। ਸਿਰਫ ਅੰਕੜਿਆਂ ਸਹਾਰੇ ਪੰਜਾਬੀਆਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਬਜਟ ਨੂੰ 100 ਵਿਚੋਂ 0 ਨੰਬਰ"।
ਇਹ ਵੀ ਪੜ੍ਹੋ : Punjab industry sector Budget: ਉਦਯੋਗ ਖੇਤਰ ਲਈ ਮੰਤਰੀ ਹਰਪਾਲ ਚੀਮਾ ਨੇ ਕੀਤੇ ਵੱਡੇ ਐਲਾਨ, ਜਾਣੋ ਕੀ
ਅਕਾਲੀ ਦਲ ਨੇ ਵੀ ਕੀਤੀ ਟਿੱਪਣੀ :ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ ਨੇ ਪੰਜਾਬ ਦੇ 2023-24 ਦੇ ਬਜਟ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਦਲਜੀਤ ਚੀਮਾ ਨੇ ਕਿਹਾ ਕਿ ਬਹੁਤ ਹੀ ਨਿਰਾਸ਼ਾਜਨਕ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਮਹਿਜ਼ ਇਕ ਖੇਡ ਹੈ। ਸਰਕਾਰ ਸਿਰ 3 ਲੱਖ 47,000 ਕਰੋੜ ਦਾ ਕਰਜ਼ਾ ਹੈ। ਪਿਛਲੇ ਸਾਲ ਤੋਂ ਇਸ ਸਾਲ ਦੇ ਦਰਮਿਆਨ ਕਰਜ਼ਾ 40 ਹਜ਼ਾਰ ਕਰੋੜ ਵਧ ਗਿਆ ਹੈ। ਵਿੱਤ ਮੰਤਰੀ ਵੱਲੋਂ ਵਿਭਾਗਾਂ ਨੂੰ ਲੈ ਕੇ ਵੱਖ-ਵੱਖ ਐਲਾਨ ਕੀਤੇ ਗਏ ਹਨ, ਪਰ ਇਹ ਨਹੀਂ ਦੱਸਿਆ ਗਿਆ ਕਿ ਇਨ੍ਹਾਂ ਲਈ ਬਜਟ ਦੀ ਵਿਵਸਥਾ ਕਿਵੇਂ ਕੀਤੀ ਜਾਵੇਗੀ।
ਦਲਜੀਤ ਚੀਮਾ ਨੇ ਕਿਹਾ ਕਿ ਜਨਤਾ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ। ਚੀਮਾ ਨੇ ਸਵਾਲ ਕੀਤਾ ਕਿ ਮਾਈਨਿੰਗ ਤੋਂ ਮਿਲੇ 20,000 ਕਰੋੜ ਅਤੇ 35 ਹਜ਼ਾਰ ਕਰੋੜ ਜੋ ਭ੍ਰਿਸ਼ਟਾਚਾਰ 'ਤੇ ਰੋਕ ਲਗਾ ਕੇ ਇਕੱਠੇ ਕਰਨ ਦਾ ਵਾਅਦਾ ਕੀਤਾ ਗਿਆ ਸੀ, ਉਸ ਦਾ ਕੀ ਹੋਇਆ? ਸਰਕਾਰ ਨੂੰ ਇਸੇ ਤਰ੍ਹਾਂ ਹੀ ਵੱਖ-ਵੱਖ ਵਿਰੋਧੀ ਧਿਰਾਂ ਨਿਸ਼ਾਨੇ ਉਤੇ ਲੈ ਰਹੀਆਂ ਹਨ।
ਇਹ ਵੀ ਪੜ੍ਹੋ :Punjab budget 2023: ਪਲੇਠੇ ਬਜਟ ਤੋਂ ਪਹਿਲਾਂ ਸੀਐੱਮ ਮਾਨ ਦਾ ਟਵੀਟ, ਕਿਹਾ- ਮੈਨੂੰ ਉਮੀਦ ਹੈ ਕਿ ਅੱਜ ਦਾ ਬਜਟ ਹੋਵੇਗਾ ਲੋਕ ਪੱਖੀ
ਬਜਟ ਤੋਂ ਪਹਿਲਾਂ ਸੀਐੱਮ ਦਾ ਟਵੀਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦੇ ਪਲੇਠੇ ਬਜਟ ਤੋਂ ਪਹਿਲਾਂ ਟਵੀਟ ਕਰਦਿਆਂ ਲਿਖਿਆ ਹੈ ਕਿ,' ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਹੈ,ਪਿਛਲੇ ਸਾਲ ਅੱਜ ਦੇ ਹੀ ਦਿਨ ਪੰਜਾਬ ਦੇ ਲੋਕਾਂ ਦਾ ਫ਼ਤਵਾ ਚੋਣ ਨਤੀਜਿਆਂ ਦੇ ਰੂਪ 'ਚ ਸਾਨੂੰ ਮਿਲਿਆ ਸੀ ਅਤੇ ਅੱਜ ਸਾਡੀ ਸਰਕਾਰ ਆਪਣਾ ਪਹਿਲਾ ਪੂਰਨ ਬਜਟ ਪੇਸ਼ ਕਰਨ ਜਾ ਰਹੀ ਹੈ, ਮੈਨੂੰ ਉਮੀਦ ਹੈ ਕਿ ਅੱਜ ਦਾ ਬਜਟ ਲੋਕ ਪੱਖੀ ਹੋਵੇਗਾ ਤੇ 'ਰੰਗਲੇ ਪੰਜਾਬ' ਵੱਲ ਵੱਧਦੇ ਪੰਜਾਬ ਦੀ ਝਲਕ ਵਿਖਾਈ ਦੇਵੇਗੀ,'। ਦੱਸ ਦਈਏ ਪੰਜਾਬ ਸਰਕਾਰ ਦੇ ਪਲੇਠੇ ਬਜਟ ਤੋਂ ਆਮ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਵੱਖ-ਵੱਖ ਖੇਤਰਾਂ ਦੇ ਲੋਕ ਪੰਜਾਬ ਸਰਕਾਰ ਤੋਂ ਆਸਾਂ ਲਾਈ ਬੈਟੇ ਹਨ।