ਚੰਡੀਗੜ੍ਹ: ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਜਸਟਿਸ ਢੀਂਗਰਾ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਮਜੀਠੀਆ ਨੇ ਕਿਹਾ ਕਿ ਸਾਰੀਆਂ ਰਿਪੋਰਟਾਂ ਆ ਗਈਆਂ ਹਨ ਅਤੇ ਹਰ ਕੋਈ ਜਾਣਦਾ ਹੈ ਕਿ ਜੋ ਦਿੱਲੀ ਅਤੇ ਸਾਰੇ ਹਿੰਦੁਸਤਾਨ ਵਿੱਚ 1984 'ਚ ਜੋ ਹੋਇਆ ਉਹ ਰਾਜੀਵ ਗਾਂਧੀ ਵੱਲੋਂ ਦਿੱਤੇ ਗਏ ਆਦੇਸ਼ ਤੋਂ ਬਾਅਦ ਕੀਤਾ ਗਿਆ।
ਮਜੀਠੀਆ ਨੇ ਕਿਹਾ ਕਿ ਉਸ ਵੇਲੇ ਕਿਹਾ ਗਿਆ ਸੀ ਕਿ ਵੱਡਾ ਦਰੱਖ਼ਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ, ਉਨ੍ਹਾਂ ਕਿਹਾ ਕਿ ਜੇ ਕਾਂਗਰਸ ਪਸ਼ਚਾਤਾਪ ਕਰਨਾ ਚਾਹੁੰਦੀ ਹੈ ਤਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ ਅਹੁਦੇ ਤੋਂ ਹਟਾਉਣਾ ਚਾਹਿਦਾ ਹੈ।
ਬਾਜਵਾ ਦੇ ਵਿਰੋਧ ਦਾ ਕੀਤਾ ਸਵਾਗਤ
ਬਿਕਰਮ ਮਜੀਠੀਆ ਨੇ ਕਾਂਗਰਸ ਮੰਤਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਦਾ ਵਿਰੋਧ ਕਰਨ 'ਤੇ ਬਾਜਵਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਵੇਲੇ ਸਾਰੇ ਮੰਤਰੀਆਂ ਨੇ ਜੈਕਾਰੇ ਛੱਡੇ ਸਨ ਇਸ ਕਰਕੇ ਪੰਜਾਬ ਦੇ ਲੋਕਾਂ ਨਾਲ ਕੀਤੇ ਜੋ ਵਾਅਦੇ ਪੂਰੇ ਨਹੀਂ ਹੋਏ ਉਸ ਲਈ ਮੁੱਖ ਮੰਤਰੀ ਸਮੇਤ ਤਮਾਮ ਮੰਤਰੀ ਜ਼ਿੰਮੇਵਾਰ ਹਨ।
ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਵੱਲੋਂ ਕਿਤੇ ਵਾਅਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਪਰ ਸਰਕਾਰ ਇਸ ਤੋਂ ਭੱਜਦੀ ਨਜ਼ਰ ਆ ਰਹੀ ਹੈ। ਮਜੀਠੀਆ ਨੇ ਕਿਹਾ ਕਿ ਲੋਕ ਹੁਣ ਕਾਂਗਰਸ ਦੀਆਂ ਗੱਲਾਂ ਸਮਝ ਚੁੱਕੇ ਹਨ ਤੇ ਜਦੋਂ ਸਮਾਂ ਆਵੇਗਾ ਵੋਟਾਂ ਦਾ ਉਸ ਵੇਲੇ ਜਵਾਬ ਲੋਕ ਦੇਣਗੇ।
ਵਿਧਾਨ ਸਭਾ ਸਪੀਕਰ ਦੇ ਰਵੱਈਏ 'ਤੇ ਚੁੱਕੇ ਸਵਾਲ
ਮਜੀਠੀਆ ਨੇ ਵਿਧਾਨ ਸਭਾ ਸਪੀਕਰ ਦੇ ਰਵੱਈਏ ਦੇ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਕਾਂਗਰਸ ਆਪਣੀ ਗੱਲ ਰੱਖ ਦਿੰਦੀ ਹੈ ਪਰ ਵਿਰੋਧੀਆਂ ਨੂੰ ਲੋਕਾਂ ਨਾਲ ਜੁੜੇ ਮੁੱਦੇ ਚੁੱਕਣ ਦਾ ਸਮਾਂ ਨਹੀਂ ਦਿੱਤਾ ਜਾਂਦਾ।