ਪੰਜਾਬ

punjab

By

Published : Jan 27, 2023, 9:56 AM IST

ETV Bharat / state

History of Baba Deep Singh ji : ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਜਾਣੋ ਉਨ੍ਹਾਂ ਦਾ ਜੰਗ-ਏ-ਮੈਦਾਨ 'ਚ ਬਹਾਦਰੀ ਦਾ ਇਤਿਹਾਸ

ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਪੰਜਾਬ ਭਰ ਵਿੱਚ ਮਨਾਇਆ ਜਾ ਰਿਹਾ ਹੈ। ਬਾਬਾ ਦੀਪ ਸਿੰਘ ਜੀ ਧਾਰਮਿਕ ਬਿਰਤੀ ਅਤੇ ਦ੍ਰਿੜ ਇਰਾਦੇ ਰੱਖਣ ਵਾਲੇ ਮਹਾਨ ਸੂਰਮੇ ਵਜੋਂ ਸਿੱਖ ਇਤਿਹਾਸ ਵਿੱਚ ਖਾਸ ਪਛਾਣ ਰੱਖਦੇ ਹਨ।

History of Baba Deep Singh ji
History of Baba Deep Singh ji

ਹੈਦਰਾਬਾਦ ਡੈਸਕ : ਅੱਜ ਬਾਬਾ ਦੀਪ ਸਿੰਘ ਜੀ ਦੀ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ, 1682 ਨੂੰ ਪਿੰਡ ਪਹੂਵਿੰਡ, ਤਰਨ ਤਾਰਨ ਵਿਖੇ ਹੋਇਆ ਸੀ। ਬਾਬਾ ਦੀਪ ਸਿੰਘ ਜੀ ਦੀ ਨਾਂਅ ਮਾਤਾ ਜਿਊਣੀ ਅਤੇ ਪਿਤਾ ਭਾਈ ਭਗਤਾ ਸੰਧੂ ਸੀ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦਾ ਬਚਪਨ ਵਿੱਚ ਦੀਪਾ ਨਾਮ ਰੱਖਿਆ। ਆਓ ਜਾਣਦੇ ਹਾਂ ਬਾਬਾ ਦੀਪ ਸਿੰਘ ਜੀ ਇਤਿਹਾਸ।



ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਹੋਏ ਪ੍ਰਭਾਵਿਤ:ਜਦੋਂ ਬਾਬਾ ਦੀਪ ਸਿੰਘ ਜੀ 18 ਸਾਲ ਦੇ ਸਨ, ਤਾਂ ਉਹ ਹੋਲੇ-ਮਹੱਲੇ ਦੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਬਾਲਕ ਦੀਪਾ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਦੀਪਾ ਨੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਛੱਕਣ ਕਰਨ ਤੋਂ ਬਾਅਦ ਦੀਪਾ ਨੂੰ ਦੀਪ ਸਿੰਘ ਨਾਮ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਦੀਪ ਸਿੰਘ ਨੂੰ ਆਪਣੇ ਕੋਲ ਹੀ ਰੱਖ ਲਿਆ। ਅਨੰਦਪੁਰ ਵਿੱਚ ਰਹਿ ਕੇ ਹੀ, ਦੀਪ ਸਿੰਘ ਨੇ ਗੁਰਮੁੱਖੀ, ਫਾਰਸੀ ਅਤੇ ਅਰਬੀ ਲਿਪੀ ਵਿੱਚ ਮੁਹਾਰਤ ਹਾਸਿਲ ਕੀਤੀ।

ਸ਼ਸਤਰ ਤੇ ਗੁਰਬਾਣੀ ਦੀ ਸਿੱਖਿਆ :ਅਨੰਦਪੁਰ ਸਾਹਿਬ ਵਿੱਚ ਹੀ ਰਹਿ ਕੇ ਦੀਪ ਸਿੰਘ ਨੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਸਿੱਖ ਲਈ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਲਈ ਜਾਂਦੇ ਤਾਂ, ਭਾਈ ਦੀਪ ਸਿੰਘ ਵੀ ਨਾਲ ਹੀ ਮੌਜੂਦ ਹੁੰਦੇ ਸੀ। ਇੱਥੇ ਰਹਿੰਦਿਆ ਹੀ ਭਾਈ ਮਨੀ ਸਿੰਘ ਤੋਂ ਦੀਪ ਸਿੰਘ ਨੇ ਧਾਰਮਿਕ ਗ੍ਰੰਥਾਂ ਅਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ।

ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਤਾਂ ਆਪਣੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਦੇਖ-ਰੇਖ ਲਈ ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ ਅਤੇ ਭਾਈ ਜਵਾਹਰ ਸਿੰਘ ਜੀ ਨੂੰ ਮੁੱਖੀਆ ਬਣਾ ਕੇ ਦੋ ਦਾਸੀਆਂ ਬੀਬੀ ਭਾਗ ਕੌਰ ਤੇ ਬੀਬੀ ਹਰਦਾਸ ਕੌਰ ਦੇ ਕੇ ਦਿੱਲੀ ਭੇਜ ਦਿੱਤਾ। ਉਸ ਸਮੇਂ ਭਾਈ ਦੀਪ ਸਿੰਘ ਕੁਝ ਸਮਾਂ ਭਾਈ ਜਵਾਹਰ ਸਿੰਘ ਦੇ ਘਰ ਰਹਿ ਕੇ ਮਾਤਾ ਜੀ ਦੀ ਖੁਸ਼ੀ ਅਤੇ ਆਗਿਆ ਲੈ ਕੇ ਆਪਣੇ ਪਿੰਡ ਪਹੂਵਿੰਡ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਜੁੱਟ ਗਏ।

ਸ਼ਹੀਦਾਂ ਦੇ ਖੂਹ ਦਾ ਇਤਿਹਾਸ : ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ, ਤਾਂ ਬਾਬਾ ਦੀਪ ਸਿੰਘ ਜੀ ਤੇ ਬਾਬਾ ਬੁਢਾ ਸਿੰਘ ਨੂੰ ‘ਗੁਰੂ ਕੀ ਕਾਂਸ਼ੀ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ-ਸੰਭਾਲ ਅਤੇ ਗੁਰਬਾਣੀ ਪੜ੍ਹਨ-ਪੜ੍ਹਾਉਣ ਅਤੇ ਲਿਖਵਾਉਣ ਦੀ ਸੇਵਾ ਦੇ ਕੇ ਗਏ ਸਨ। ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ ਸੀ। ਦਮਦਮਾ ਸਾਹਿਬ ਵਿਖੇ ਸੇਵਾ-ਸੰਭਾਲ ਕਰਦਿਆਂ ਬਾਬਾ ਦੀਪ ਸਿੰਘ ਜੀ ਨੇ ਇਕ ਖੂਹ ਖੁਦਵਾਇਆ, ਜੋ ਤਖ਼ਤ ਸਾਹਿਬ ਦੀ ਪ੍ਰਕਰਮਾ ਵਿੱਚ ਹੈ, ਜੋ ਸ਼ਹੀਦਾਂ ਦੇ ਖੂਹ ਨਾਲ ਜਾਣਿਆ ਜਾਂਦਾ ਹੈ। ਜਥੇਦਾਰ ਬੁੱਢਾ ਸਿੰਘ ਜੀ ਨੇ ਬੇਰੀਆਂ ਦੇ ਦਰੱਖ਼ਤ ਲਗਵਾਏ ਸੀ।

ਮੈਦਾਨ-ਏ-ਜੰਗ ਵਿੱਚ ਧਰਿਆ ਪੈਰ ਤੇ ਸਰਹੰਦ ਨੂੰ ਕੀਤਾ ਫਤਹਿ : ਨੰਦੇੜ ਵਿੱਚ ਜਦੋਂ ਗੁਰੂ ਗੋਬਿੰਦ ਜੀ ਨੇ ਮਾਧੋ ਦਾਸ ਨੂੰ ਬੰਦਾ ਬਹਾਦੁਰ ਦਾ ਖਿਤਾਬ ਬਖਸ਼ ਕੇ 1708 ਈ. ਵਿੱਚ ਪੰਜਾਬ ਭੇਜਿਆ, ਤਾਂ ਸਿੱਖੀ ਦੀ ਸ਼ਾਨ ਹੋਰ ਵਧਾਉਣ ਲਈ ਭਾਈ ਦੀਪ ਸਿੰਘ ਜੀ ਵੀ ਮੈਦਾਨ ਵਿੱਚ ਕੁੱਦ ਪਏ ਤੇ ਬਾਬਾ ਬੰਦਾ ਬਹਾਦਰ ਦੇ ਮੁਗਲ ਹਕੂਮਤ ਖਿਲਾਫ਼ ਹਰ ਯੁੱਧ ਵਿੱਚ ਸਾਥ ਦਿੱਤਾ। ਇਹ ਮੈਦਾਨ-ਏ-ਜੰਗ ਵਿੱਚ ਸਭ ਤੋਂ ਅੱਗੇ ਹੋ ਕੇ ਲੜਦੇ ਜਿਸ ਨਾਲ ਵਿਰੋਧੀਆਂ ਵਿਚ ਬਾਬਾ ਜੀ ਦਾ ਇਤਨਾ ਦਬਦਬਾ ਬੈਠ ਗਿਆ ਕਿ ਬਾਬਾ ਦੀਪ ਸਿੰਘ ਜੀ ਦਾ ਨਾਂ ਸੁਣ ਕੇ ਹੀ ਮੈਦਾਨ ਵਿੱਚੋਂ ਫੌਜ਼ ਤਿੱਤਰ-ਬਿੱਤਰ ਹੋ ਜਾਂਦੀ ਸੀ। ਇਨ੍ਹਾਂ ਦੇ ਜਥੇ ਦਾ ਨਾਂਅ ਸ਼ਹੀਦੀ ਜਥਾ ਪ੍ਰਸਿੱਧ ਹੋ ਗਿਆ ਸੀ। ਅਖੀਰ ਸਰਹੰਦ ਨੂੰ ਫਤਹਿ ਕਰਕੇ ਜਿੱਤ ਦਾ ਪਰਚਮ ਸਰਹੰਦ ਦੇ ਕਿਲ੍ਹੇ ਉੱਤੇ ਜਾ ਕੇ ਲਹਿਰਾਇਆ ਗਿਆ।

ਸ਼ਹੀਦ ਮਿਸਲ ਦੇ ਜਥੇਦਾਰ : 18 ਵੀਂ ਸਦੀ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਇਕੱਤਰ ਹੋਇਆ। ਖਾਲਸਾ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਇਕੱਤਰ ਕਰ ਕੇ 12 ਮਿਸਲਾਂ ਅੰਦਰ ਵੰਡਿਆ ਗਿਆ ਜਿਸ ਦੇ 12 ਮੁੱਖ ਜਥੇਦਾਰ ਬਣਾਏ ਗਏ। ਇਨ੍ਹਾਂ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਂ ਸੀ 'ਸ਼ਹੀਦ ਮਿਸਲ' ਜਿਸ ਦੇ ਬਾਬਾ ਦੀਪ ਸਿੰਘ ਜੀ ਮੁੱਖ ਜਥੇਦਾਰ ਸਨ। ਇਸ ਸਦੀ ਅੰਦਰ ਭਾਰਤ ਨੂੰ ਨਾਦਰਸ਼ਾਹ ਤੇ ਅਹਿਮਦਸ਼ਾਹ ਵਰਗੇ ਧਾੜਵੀਆਂ ਤੇ ਵਿਦੇਸ਼ੀ ਹਮਲਾਵਾਰਾਂ ਨੇ ਖ਼ੂਬ ਲੁੱਟਿਆ ਤੇ ਇਥੋਂ ਦੇ ਧੰਨ ਦੋਲਤ ਸਮੇਤ ਜਵਾਨ ਬਚੇ ਬਚੀਆਂ ਨੂੰ ਗੁਲਾਮ ਬਣਾ ਕੇ ਗਜਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੋਂ ਵੇਚਿਆ। ਬਹੂ-ਬੇਟੀਆਂ ਦੀ ਇੱਜ਼ਤ ਨੂੰ ਸਰੇ-ਆਮ ਮਿੱਟੀ ਵਿੱਚ ਰੋਲ੍ਹਿਆ ਗਿਆ। ਇਸ ਸਮੇਂ ਮਿਸਲਾਂ ਬਣ ਚੁਕੀਆਂ ਸੀ, ਜਿਨ੍ਹਾਂ ਨੇ ਇਕ ਜੁੱਟ ਹੋ ਕੇ, ਇਨ੍ਹਾਂ ਅਫ਼ਗਾਨ ਧਾੜਵੀਆਂ ਦਾ ਮੁਕਾਬਲਾ ਕੀਤਾ। ਇਨ੍ਹਾਂ ਉੱਤੇ ਹਮਲਾ ਕਰਕੇ ਲੁੱਟਿਆ ਬਹੁ-ਕੀਮਤੀ ਮਾਲ-ਅਸਬਾਬ ਵਾਪਿਸ ਆ ਜਾਂਦਾ ਤੇ ਸਿੱਖ ਇਥੋਂ ਦੀਆਂ ਧੀਆਂ ਭੈਣਾਂ ਨੂੰ ਧਾੜਵੀਆਂ ਹਥੋਂ ਖੋਹ ਕੇ ਬ-ਇਜ਼ਤ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾਉਂਦੇ ਸੀ। ਇਨ੍ਹਾਂ ਸੂਰਬੀਰਾਂ ਵਿੱਚ ਵੀ ਬਾਬਾ ਦੀਪ ਸਿੰਘ ਜੀ ਸਨ।

ਮੁਗਲਾਂ ਦੀ ਸਫਾਇਆ : ਅਹਿਮਦ ਸ਼ਾਹ ਦੁਰਾਨੀ ਜੋ ਸਿੱਖਾਂ ਦੇ ਸਖ਼ਤ ਵਿਰੁੱਧ ਸੀ ਅਤੇ ਸਿੱਖਾਂ ਨੂੰ ਖ਼ਤਮ ਕਰਨ ਉਂਤੇ ਤੁਲਿਆ ਹੋਇਆ ਸੀ, 1757 ਈ. ਦੇ ਹਿੰਦੁਸਤਾਨ ਦੇ ਹਮਲੇ ਵੇਲ੍ਹੇ ਦਿੱਲੀ ਜਾਂਦਾ ਹੋਇਆ, ਕੁਝ ਦੇਰ ਲਈ ਲਾਹੋਰ ਠਹਿਰਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਲਾਹੋਰ ਦੇ ਸੂਬੇ ਨੇ ਵੀ ਜਹਾਨ ਖਾਨ ਦੀ ਅਗਵਾਈ ਹੇਠ ਤਰਨ-ਤਾਰਨ ਤੋ 10 ਮੀਲ ਦੀ ਦੂਰੀ 'ਤੇ ਗੋਹਲਵੜ੍ਹ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਦੋਨੋ ਦਲਾਂ ਦਾ ਟਾਕਰਾ ਹੋਇਆ ਅਤੇ ਜਹਾਨ ਖਾਨ ਮਾਰਿਆ ਗਿਆ। ਸ਼ਾਹੀ ਫੌਜ਼ ਵਿਚ ਭਾਜੜ ਪੈ ਗਈ। ਇੰਨੇ ਚਿਰ ਨੂੰ ਹਾਜੀ ਹਤਾਈ ਖਾਨ ਵੀ ਫੌਜਾਂ ਲੈਕੇ ਪਹੁੰਚ ਗਿਆ। ਫਿਰ ਘਮਸਾਨ ਦਾ ਯੁਧ ਹੋਇਆ। ਇਸ ਜੰਗ ਅੰਦਰ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਸਿੰਘ ਇਕ-ਇਕ ਕਰਕੇ ਸ਼ਹੀਦ ਹੋਣ ਲੱਗੇ। ਇਸ ਯੁੱਧ ਵਿੱਚ ਹੌਲੀ-ਹੌਲੀ ਸਿੰਘ ਅਫ਼ਗਾਨਾਂ ਨੂੰ ਧੱਕਦੇ-ਧੱਕਦੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚਾਟੀਵਿੰਡ ਦਰਵਾਜੇ ਦੇ ਨੇੜੇ ਗੁਰਦੁਆਰਾ ਰਾਮਸਰ ਸਾਹਿਬ ਦੇ ਨੇੜੇ ਪੁੱਜ ਗਏ।

ਆਪਣਾ ਸੀਸ ਦਰਬਾਰ ਸਾਹਿਬ 'ਚ ਭੇਟ ਕਰਦੇ ਹੋਏ ਸ਼ਹੀਦ:ਬਾਬਾ ਦੀਪ ਸਿੰਘ ਜੀ 8 ਸੇਰ ਕੱਚੇ ਦਾ ਦੋ-ਧਾਰਾ ਖੰਡਾ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਂਦ ਸੁਲਾਉਂਦੇ ਹੋਏ ਅੱਗੇ ਵਧਦੇ ਜਾ ਰਹੇ ਸੀ। ਲੜਦੇ ਲੜਦੇ ਸਿੰਘ ਅੰਮ੍ਰਿਤਸਰ ਦੇ ਨੇੜੇ ਪਹੁੰਚ ਗਏ। ਜਮਾਲ ਖਾਨ ਨਾਲ ਹਥੋਂ-ਹਥੀਂ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ ਸੀ। ਜਦੋਂ ਡਿੱਗਣ ਲਗੇ, ਤਾਂ ਇਕ ਸਿੰਘ ਨੇ ਬੜੇ ਪਿਆਰ ਨਾਲ ਕਿਹਾ ” ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕੀ ਦਰਬਾਰ ਸਹਿਬ ਜਾ ਕੇ ਸ਼ਹੀਦ ਹੋਵਾਂਗੇ, ਪਰ ਆਪ ਉਰੇ ਹੀ ਫਤਹਿ ਬੁਲਾ ਚਲੇ ਹੋ।“ ਫਿਰ ਹਿੰਮਤ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਨੇ ਖੱਬੇ ਹੱਥ ਨਾਲ ਸੀਸ ਟਿਕਾ ਕੇ ਸੱਜੇ ਹੱਥ ਨਾਲ ਖੰਡਾ ਵਾਹੁੰਦੇ ਵੈਰੀਆਂ ਦੇ ਆਹੂ ਲਾਹੁੰਦੇ ਲਾਉਂਦੇ ਹੋਏ, ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਪਹੁੰਚੇ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਆਪਣਾ ਸੀਸ ਭੇਟਾਂ ਕਰ ਦਿੱਤਾ ਤੇ ਸ਼ਹੀਦੀ ਪ੍ਰਾਪਤ ਕਰ ਗਏ।

ਇਹ ਵੀ ਪੜ੍ਹੋ:shaheed Nirmaljeet Singh Sekho: ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਨਾਂ ਉੱਤੇ ਹੁਣ ਅੰਡੇਮਾਨ ਨਿਕੋਬਾਰ ਵਿੱਚ ਬਣਿਆ ਆਈਲੈਂਡ

ABOUT THE AUTHOR

...view details