ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੀ ਸੱਤਾ 'ਤੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦਾ ਅੱਜ 93ਵਾਂ ਜਨਮ ਦਿਨ ਹੈ। ਇਸ ਮੌਕੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੇਕ ਕੱਟ ਕੇ ਸਾਬਕਾ ਮੁੱਖ ਮੰਤਰੀ ਦਾ ਜਨਮ ਦਿਨ ਮਨਾਇਆ ਗਿਆ। ਇਸ ਦੌਰਾਨ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਪਰਿਵਾਰਕ ਮੈਂਬਰ ਅਤੇ ਕਈ ਆਗੂ ਮੌਜ਼ੂਦ ਸਨ।
ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਵਧਾਈਆ ਦਿੱਤੀਆਂ ਹਨ। ਮੋਦੀ ਨੇ ਆਪਣੇ ਟਵੀਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਕਿਹਾ ਕਿ ਭਾਰਤ ਦੇ ਸਭ ਤੋਂ ਸਤਿਕਾਰਤ ਰਾਜਨੇਤਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਜਨਮਦਿਨ ਦੀਆਂ ਮੁਬਾਰਕਾਂ। ਮੋਦੀ ਨੇ ਲਿੱਖਿਆ ਕਿ ਬਾਦਲ ਸਾਹਿਬ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਭਲਾਈ ਲਈ ਸਮਰਪਿਤ ਕੀਤਾ ਹੈ। ਬਾਦਲ ਸਾਹਿਬ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀਉਣ।
ਉੱਥੇ ਹੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਸ਼ਾਹ ਨੇ ਟਵੀਟ ਕਰਦੇ ਕਿਹਾ ਕਿ ਬਾਦਲ ਸਹਿਬ ਦਾ ਸੰਘਰਸ਼ ਅਤੇ ਲੋਕਾਂ ਦੀ ਭਲਾਈ ਪ੍ਰਤੀ ਸ਼ਰਧਾ ਸਾਰਿਆਂ ਲਈ ਪ੍ਰੇਰਣਾ ਹੈ। ਮੈਂ ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਅਰਦਾਸ ਕਰਦਾ ਹਾਂ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਅਤੇ ਵੱਖ -ਵੱਖ ਸਿਆਸੀ ਨੇਤਾਵਾਂ ਨੇ ਵੀ ਪ੍ਬਾਰਕਾਸ਼ ਸਿੰਘ ਬਾਦਲ ਦੀ ਸਿਹਤਯਾਬੀ ਅਤੇ ਲੰਮੀ ਉਮਰ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਅਨੇਕਾਂ ਕਠਿਨ ਘਾਲਨਾਵਾਂ ਘਾਲੀਆਂ ਹਨ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ ਖੁਰਾਣਾ ‘ਚ ਹੋਇਆ ਸੀ। ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਜੀਵਨ ਦੀ ਸ਼ੁਰੂਆਤ 1970 ਤੋਂ ਸ਼ੁਰੂ ਹੋਈ ਸੀ, ਉਹ 1970 ਤੋਂ 1971 ਤੱਕ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ 1977 ਤੋਂ 1980 ਤੱਕ, 1997 ਤੋਂ 2002 ਤੱਕ ਅਤੇ 2007 ਤੋਂ 2017 ਤੱਕ ਮੁੱਖ ਮੰਤਰੀ ਰਹਿ ਚੁੱਕੇ ਹਨ। ਭਾਰਤ ਸਰਕਾਰ ਵਲੋ 2015 ‘ਚ ਪਦਮ ਵਿਭੂਸ਼ਣ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।