ਚੰਡੀਗੜ੍ਹ:ਪੰਜਾਬ ਦੇ ਸਕੂਲਾਂ ਵਿੱਚ ਸਿੱਖਿਆ ਪੱਧਰ ਉੱਚੇ ਕਰਨ ਲਈ ਅੱਜ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 36 ਮੁੱਖ ਅਧਿਆਪਕਾਂ ਦਾ ਪਹਿਲਾ ਬੈਚ ਸਿੰਗਾਪੁਰ ਲਈ ਰਵਾਨਾ ਕੀਤਾ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇਹ ਇੱਕ ਨਵੀਂ ਗਾਰੰਟੀ ਦਿੱਤੀ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਨੀਵਾਰ ਨੂੰ ਪੂਰਾ ਕੀਤਾ।ਦੱਸ ਦਈਏ ਕਿ ਇਹ 36 ਮੁੱਖ ਅਧਿਆਪਕ ਸਿੰਗਾਪੁਰ ਵਿੱਚ 6 ਫਰਵਰੀ ਤੋਂ 10 ਫਰਵਰੀ ਤੱਕ ਹੋ ਰਹੇ ‘ਪ੍ਰੋਫੈਸ਼ਨਲ ਟੀਚਰ ਟ੍ਰੇਨਿੰਗ ਸੈਮੀਨਾਰ’ ਵਿਚ ਸ਼ਿਰਕਤ ਕਰਨਗੇ। ਇਹ ਬੈਚ ਸੈਮੀਨਾਰ ਵਿਚ ਹਿੱਸਾ ਲੈਣ ਤੋਂ ਬਾਅਦ 11 ਫਰਵਰੀ ਨੂੰ ਵਾਪਸ ਪੰਜਾਬ ਪਰਤੇਗਾ।
36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਪੇਸ਼ੇਵਰ ਟ੍ਰੇਨਿੰਗ ਲਈ ਰਵਾਨਾ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 2 ਫਰਵਰੀ ਨੂੰ ਪੰਜਾਬ ਦੇ ਲੋਕਾਂ ਨਾਲ ਆਨਲਾਈਨ ਵਿਧੀ ਜ਼ਰੀਏ ਰਾਬਤਾ ਕਾਇਮ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੀ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਸੂਬੇ ਵਿਚ ਸਿੱਖਿਆ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਹਨ, ਜੋ ਸਿੱਖਿਆ ਦਾ ਪੱਧਰ ਉੱਚਾ ਚੁੱਕ ਸਕਦੇ ਹਨ। ਜਿਸ ਕਰਕੇ ਇਹ ਗਾਰੰਟੀ ਦਿੱਤੀ ਗਈ ਸੀ ਕਿ ਅਧਿਆਪਕਾਂ ਨੂੰ ਵਿਦੇਸ਼ਾਂ ਵਿਚ ਉਚ ਪੱਧਰ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਦੇ ਅਧਿਆਪਨ ਹੁਨਰ ਨੂੰ ਹੋਰ ਨਿਖਾਰਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਸੀ ਕਿ ਇਸੇ ਗਾਰੰਟੀ ਦੇ ਆਧਾਰ ਉਤੇ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਪੇਸ਼ੇਵਰ ਟ੍ਰੇਨਿੰਗ ਲਈ 4 ਫਰਵਰੀ ਨੂੰ ਸਿੰਗਾਪੁਰ ਰਵਾਨਾ ਹੋਵੇਗਾ।