ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਤਾਂ ਉਨ੍ਹਾਂ ਨੇ ਰਹਿੰਦੇ ਅਗਲੇ ਦੋ ਸਾਲਾਂ ਵਿੱਚ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਵਾਸਤੇ ਯੋਗਤਾ ਅਤੇ ਪਾਰਦਰਸ਼ਤਾ ਦੇ ਅਧਾਰ 'ਤੇ ਉਮੀਦਵਾਰ ਚੁਣੇ ਜਾਣ ਦੀ ਗੱਲ ਕਹੀ। ਕਿਹਾ ਜਾਣਾ ਚਾਹੀਦਾ ਹੈ ਕਿ ਜੇ ਮੈਰਿਟ ਦੇ ਅਧਾਰ 'ਤੇ ਯੋਗ ਉਮੀਦਵਾਰ ਚੁਣੇ ਗਏ ਤਾਂ ਚੰਗਾ ਹੋਵੇਗਾ।
ਇਸ ਸਮੇਂ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕਰਕੇ ਮੁੱਖ ਮੰਤਰੀ ਨੇ ਨੌਜਵਾਨਾਂ ਦੇ ਮਨਾਂ ਵਿੱਚ ਆਸਾਂ ਦਾ ਦੀਵਾ ਜਗਾ ਦਿੱਤਾ। ਜੇ ਨੌਕਰੀਆਂ ਦੇ ਦਿੱਤੀਆਂ ਤਾਂ ਫੇਰ ਨੌਕਰੀਆਂ ਉਡੀਕ ਰਹੇ ਚਾਹਵਾਨਾਂ ਦੀਆਂ ਆਸਾਂ ਨੂੰ ਬੂਰ ਪੈ ਜਾਵੇਗਾ ਪਰ ਜੇ ਇਹ ਵੀ 'ਫੋਕਾ ਐਲਾਨ' ਹੀ ਨਿਕਲਿਆ ਤਾਂ ਨੌਜਵਾਨ ਫੇਰ ਨਿਰਾਸ਼ ਹੋ ਜਾਣਗੇ।
ਦੂਜਾ, ਆਮ ਘਰੇਲੂ ਬਿਜਲੀ ਵਰਤਣ ਵਾਲਿਆਂ ਲਈ ਬਿਜਲੀ ਦੇ ਭਾਅ ਤਰਕਸੰਗਤ ਤਰੀਕੇ ਵਿੱਚ ਲਿਆ ਕੇ ਲੋਕਾਂ ਨੂੰ ਰਾਹਤ ਦੇਣ ਬਾਰੇ ਕਿਹਾ ਗਿਆ ਹੈ, ਜਿਸ ਦੀ ਆਮ ਲੋਕ ਅਤੇ ਸਿਆਸੀ ਪਾਰਟੀਆਂ ਚਿਰਾਂ ਤੋਂ ਮੰਗ ਕਰਦੀਆਂ ਆ ਰਹੀਆਂ ਹਨ। ਦੇਖਣਾ ਇਹ ਹੈ ਕਿ ਖਜ਼ਾਨਾਂ ਖਾਲੀ ਹੋਣ ਦਾ ਢੰਡੋਰਾ ਪਿੱਟਣ ਵਾਲੀ ਕੈਪਟਨ ਸਰਕਾਰ ਬਿਜਲੀ ਦੀਆਂ ਦਰਾਂ ਸਸਤੀਆਂ ਕਰਦੀ ਹੈ ਜਾਂ ਨਹੀਂ। ਜੇ ਦਰਾਂ ਘਟਾ ਦਿੱਤੀਆਂ ਤਾਂ ਲੋਕਾਂ ਨੂੰ ਰਾਹਤ ਮਿਲੇਗੀ ਨਹੀਂ ਤਾਂ ਲੋਕ ਫੇਰ ਮਾਯੂਸ ਹੋ ਜਾਣਗੇ। ਸ਼ਾਇਦ ਅੰਦੋਲਨਾਂ ਦੇ ਰਾਹ ਵੀ ਪੈਣ।
ਤੀਜਾ, ਇਹ ਵੀ ਐਲਾਨ ਕੀਤਾ ਕਿ ਉਹ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਫੇਰ ਉਮੀਦਵਾਰ ਹੋਣਗੇ। ਪਿਛਲੀਆਂ ਚੋਣਾਂ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ ਤੇ ਇਸ ਤੋਂ ਬਾਅਦ ਚੋਣ ਨਹੀਂ ਲੜਨਗੇ ਪਰ ਸਿਆਸਤਦਾਨਾਂ ਦੇ ਸਿਆਸੀ ਪੈਂਤੜਿਆਂ ਦਾ ਭੇਦ ਪਾਉਣਾ ਸੌਖਾ ਕੰਮ ਨਹੀਂ। ਕੈਪਟਨ ਸਾਹਿਬ ਅਜੇ ਨੌਜਵਾਨ ਹੋਣ ਦਾ ਭਰਮ ਵੀ ਪਾਲ ਰਹੇ ਹਨ ਅਤੇ ਅਗਲੀ ਗੱਲ ਵੀ ਕਹਿ ਦਿੱਤੀ ਕਿ ਉਹ ਅਜੇ ਬੁੱਢੇ ਨਹੀਂ ਹੋਏ।