ਚੰਡੀਗੜ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੋਮਵਾਰ ਨੂੰ ਇੱਥੇ ਮੈਡੀਕਲ ਅਮਲੇ ਨੂੰ ਇੱਕ ਹਫਤੇ ਵਿੱਚ ਪੀਪੀਈ ਕਿੱਟਾਂ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾ ਮਹਿਜ਼ 48 ਘੰਟਿਆਂ ਵਿੱਚ ਹੀ ਪੁਗਾਅ ਦਿੱਤਾ ਹੈ। ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਖ਼ਾਲਸਾ ਏਡ ਦੀ ਮਦਦ ਨਾਲ 50 ਪੀਪੀਈ ਕਿੱਟਾਂ ਸਿਵਲ ਹਸਪਤਾਲ, ਬਠਿੰਡਾ ਨੂੰ ਉਪਲਬੱਧ ਕਰਵਾਈਆਂ ਗਈਆਂ ਹਨ ਜਦਕਿ ਸਿਵਲ ਹਸਪਤਾਲ ਵਿੱਚ 200 ਹੋਰ ਕਿੱਟਾਂ ਦੀ ਸਪਲਾਈ ਅਗਲੇ ਤਿੰਨ ਦਿਨਾਂ ਵਿੱਚ ਕਰ ਦਿੱਤੀ ਜਾਵੇਗੀ।
ਇਸ ਮੌਕੇ ਬਾਦਲ ਨੇ ਦੱਸਿਆ ਕਿ ਇਸ ਸਮੇਂ ਸਰਕਾਰ ਦੀ ਪ੍ਰਾਥਮਿਕਤਾ ਸਾਡੇ ਡਾਕਟਰੀ ਅਮਲੇ ਦੀ ਸੁਰੱਖਿਆ ਹੈ ਅਤੇ ਕੋਰੋਨਾ ਖ਼ਿਲਾਫ਼ ਮੂਹਰਲੀਆਂ ਸਫਾਂ ਵਿੱਚ ਲੜ ਰਹੀ ਇਸ ਫੌਜ ਨੂੰ ਸੁਰੱਖਿਆ ਸਾਮਾਨ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਪਹਿਲਾਂ ਵੀ ਲੋੜ ਅਨੁਸਾਰ 200 ਤੋਂ ਜ਼ਿਆਦਾ ਪੀਪੀਈ ਕਿੱਟਾਂ ਦਾ ਸਟਾਕ ਮੌਜੂਦ ਸੀ, ਪਰ ਡਾਕਟਰੀ ਅਮਲੇ ਦੀ ਮੰਗ ਅਨੁਸਾਰ ਇਹ ਹੋਰ ਕਿੱਟਾਂ ਮੁਹੱਈਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਇਹ ਕਿੱਟਾਂ ਮੁਹੱਈਆ ਕਰਵਾਉਣ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ।
ਵਿੱਤ ਮੰਤਰੀ ਨੇ ਕਿਹਾ ਕਿ ਹੁਣ ਰਾਸ਼ਨ, ਦੁੱਧ, ਫਲ ਸਬਜੀਆਂ, ਦਵਾਈਆਂ ਆਦਿ ਦੀ ਸਪਲਾਈ ਸਹੀ ਤਰੀਕੇ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਥਿਤੀ 'ਤੇ ਨੇੜਿਓਂ ਨਿੱਘਾ ਰੱਖੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮੁਕੰਮਲ ਤਿਆਰੀ ਹੈ ਕਿ ਇਸ ਬਿਮਾਰੀ ਨੂੰ ਇਸੇ ਪੜਾਅ 'ਤੇ ਰੋਕ ਲਿਆ ਜਾਵੇ।