ਪੰਜਾਬ

punjab

ETV Bharat / state

ਲੁਧਿਆਣਾ ਦੇ ਬੀਜ ਘੁਟਾਲੇ 'ਚ 1 ਹੋਰ ਗ੍ਰਿਫ਼ਤਾਰ, 12 ਬੀਜ ਡੀਲਰਸ਼ਿਪਾਂ ਰੱਦ - Ludhiana latest news

ਬੀਜ ਘੁਟਾਲੇ ਮਾਮਲੇ ਵਿੱਚ ਬਣੀ ਨਵੀਂ ਐਸਆਈਟੀ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਲੁਧਿਆਣਾ ਵਿੱਚ ਅਣਅਧਿਕਾਰਤ ਤੌਰ ’ਤੇ ਗੈਰ ਪ੍ਰਮਾਣਿਤ ਝੋਨੇ ਦਾ ਬੀਜ ਵੇਚਣ ਦੇ ਦੋਸ਼ ਹੇਠ 12 ਹੋਰ ਡੀਲਰਸ਼ਿਪਾਂ ਨੂੰ ਰੱਦ ਕਰ ਦਿੱਤਾ ਹੈ।

seed scam punjab
ਪੰਜਾਬ ਬੀਜ ਘੁਟਾਲਾ ਮਾਮਲਾ

By

Published : Jun 2, 2020, 8:52 PM IST

ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਸਾਨਾਂ ਨੂੰ ਨਕਲੀ ਬੀਜ ਵੇਚਣ ਦੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਇੱਕ ਰਾਜ ਪੱਧਰੀ ਵਿਸ਼ੇਸ ਜਾਂਚ ਟੀਮ ਦਾ ਗਠਨ ਕੀਤਾ ਹੈ। ਇਸੇ ਦੌਰਾਨ ਹੀ ਇਸ ਘੁਟਾਲੇ ਵਿੱਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਲੁਧਿਆਣਾ ਵਿੱਚ ਅਣਅਧਿਕਾਰਤ ਤੌਰ ’ਤੇ ਗੈਰ ਪ੍ਰਮਾਣਿਤ ਝੋਨੇ ਦਾ ਬੀਜ ਵੇਚਣ ਦੇ ਦੋਸ਼ ਹੇਠ 12 ਹੋਰ ਡੀਲਰਸ਼ਿਪਾਂ ਨੂੰ ਰੱਦ ਕਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਏਡੀਜੀਪੀ, ਪੰਜਾਬ ਬਿਓਰੋ ਆਫ ਇਨਵੈਸਟੀਗੇਸ਼ਨ ਅਤੇ ਰਾਜ ਅਪਰਾਧ ਰਿਕਾਰਡ ਬਿਓਰੋ ਨਰੇਸ਼ ਅਰੋੜਾ ਦੀ ਅਗਵਾਈ ਵਾਲੀ ਇਹ ਨਵੀਂ ਐਸਆਈਟੀ ਹੁਣ ਤੱਕ ਲੁਧਿਆਣਾ ਦੀ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਨੂੰ ਆਪਣੇ ਹੱਥਾਂ ਵਿੱਚ ਲਵੇਗੀ ਅਤੇ ਜਾਅਲੀ ਬੀਜਾਂ ਦੀ ਵਿਕਰੀ ਬਾਰੇ ਮੌਜੂਦਾ/ਭਵਿੱਖ ਦੀਆਂ ਸ਼ਿਕਾਇਤਾਂ ਸੰਬੰਧੀ ਵੀ ਜਾਂਚ ਕਰੇਗੀ। ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਨੂੰ ਛੇਤੀ ਤੋਂ ਛੇਤੀ ਜਾਂਚ ਮੁਕੰਮਲ ਕਰਨ ਲਈ ਕੰਮ ਸੌਂਪਿਆ ਗਿਆ ਹੈ ਤਾਂ ਜੋ ਛੇਤੀ ਤੋਂ ਛੇਤੀ ਸਾਰੇ ਦੋਸ਼ੀਆਂ ਦੀ ਪਛਾਣ ਕਰਕੇ ਗ੍ਰਿਫਤਾਰੀ ਨੂੰ ਯਕੀਨੀ ਬਣਾਇਆ ਜਾ ਸਕੇ।

ਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਾਲੀਆਂ ਪੁੱਤਰ ਭਗਤ ਸਿੰਘ ਵਾਸੀ ਭੂੰਦੜੀ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਬਲਜਿੰਦਰ ਦੀ ਗ੍ਰਿਫਤਾਰੀ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ, ਜਿਸ ਨੂੰ ਪਹਿਲਾਂ ਇਸ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਬਲਜਿੰਦਰ ਸਿੰਘ ਜਗਰਾਉਂ ਵਿਖੇ 34 ਏਕੜ ਜ਼ਮੀਨ ਦਾ ਮਾਲਕ ਹੈ ਅਤੇ ਪੀਏਯੂ ਦੁਆਰਾ ਗਠਿਤ ਕੀਤੀ ਗਈ ਕਿਸਾਨ ਐਸੋਸੀਏਸਨ ਦਾ ਮੈਂਬਰ ਹੈ ਜੋ ਕਿਸਾਨਾਂ ਨੂੰ ਨਵੇਂ ਬੀਜਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ। ਨਵੇਂ ਬੀਜ ਦੀ ਪੈਦਾਵਾਰ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਉਸਨੂੰ ਅਜ਼ਮਾਇਸ਼ ਵਜੋਂ ਬਿਜਾਈ ਲਈ ਪਿਛਲੇ ਸਾਲ ਝੋਨੇ ਦਾ ਨਵਾਂ ਵਿਕਸਤ ਬੀਜ ਪੀਆਰ 128 ਅਤੇ ਪੀਆਰ 129 ਦਿੱਤਾ ਗਿਆ ਸੀ। ਪਰ ਉਸਨੇ ਪਰਖ ਵਜੋਂ ਤਿਆਰ ਕੀਤੀ ਵਾਧੂ ਫਸਲ ਦੇ ਬੀਜ ਦਾ ਉਤਪਾਦਨ ਕੀਤਾ ਅਤੇ ਉਸ ਨੂੰ ਬਿਨਾਂ ਅਧਿਕਾਰ ਤੋਂ ਬਰਾੜ ਬੀਜ ਸਟੋਰ ’ਤੇ ਵੇਚ ਦਿੱਤਾ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਰਖ ਵਾਲੇ ਬੀਜ ਦੀ ਇਹ ਵਿਕਰੀ ਸਪੱਸਟ ਤੌਰ ‘ਤੇ ਗੈਰ ਕਾਨੂੰਨੀ ਸੀ ਕਿਉਂਕਿ ਕੇਂਦਰੀ ਬੀਜ ਨੋਟੀਫਾਈਡ ਕਮੇਟੀ ਦੁਆਰਾ ਪ੍ਰਮਾਣਿਤ ਹੋਣ ਤੱਕ ਪਰਖ ਅਧੀਨ ਬੀਜ ਨੂੰ ਖੁੱਲੀ ਮੰਡੀ ਵਿੱਚ ਨਹੀਂ ਵੇਚਿਆ ਜਾ ਸਕਦਾ।

ਇਸ ਦੌਰਾਨ, ਬੀਜਾਂ ਦੀ ਗੈਰਕਨੂੰਨੀ ਤੇ ਅਣਅਧਿਕਾਰਤ ਵਿਕਰੀ ‘ਤੇ ਆਪਣੀ ਕਾਰਵਾਈ ਜਾਰੀ ਰੱਖਦਿਆਂ, ਲੁਧਿਆਣਾ ਜ਼ਿਲਾ ਪ੍ਰਸਾਸਨ ਨੇ ਪੁਲਿਸ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਬੀਜ ਡੀਲਰਾਂ ਦੀਆਂ ਕੁੱਲ 1900 ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਜਾਂਚ ਕੀਤੀ ਹੈ। ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਜੀਤ ਖੰਨਾ ਅਨੁਸਾਰ ਇਸ ਛਾਪੇਮਾਰੀ ਦੌਰਾਨ 12 ਡੀਲਰ ਅਣਅਧਿਕਾਰਤ ਬੀਜ ਵੇਚਦੇ ਪਾਏ ਗਏ ਅਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ। ਖੰਨਾ ਨੇ ਕਿਹਾ ਕਿ ਇਨਾਂ ਸਾਰੇ ਡੀਲਰਾਂ ਖਿਲਾਫ ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਉਨਾਂ ਦੇ ਸਟੋਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ABOUT THE AUTHOR

...view details