ਨਵੀਂ ਦਿੱਲੀ: ਰਾਜਧਾਨੀ ਦੀ ਰਾਊਜ ਐਵਨਿਓ ਕੋਰਟ ਨੇ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਵੱਲੋਂ ਦਾਇਰ ਕੀਤੇ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਵਿਜੇਂਦਰ ਗੁਪਤਾ, ਮਨਜਿੰਦਰ ਸਿੰਘ ਸਿਰਸਾ ਅਤੇ ਕਪਿਲ ਮਿਸ਼ਰਾ ਨੂੰ ਨੋਟਿਸ ਜਾਰੀ ਕੀਤਾ ਹੈ।
ਮਨਜਿੰਦਰ ਸਿੰਘ ਸਿਰਸਾ ਸਣੇ 3 ਵਿਧਾਇਕਾਂ ਨੂੰ ਕੋਰਟ ਦਾ ਨੋਟਿਸ
ਦਿੱਲੀ ਦੇ ਮੰਤਰੀ ਵੱਲੋਂ ਦਾਇਰ ਕੀਤੀ ਪਟੀਸ਼ਨ ਦੇ ਜਵਾਬ ਵਿੱਚ ਕੋਰਟ ਨੇ ਭਾਜਪਾ ਦੇ ਨੇਤਾ ਵਿਜੇਂਦਰ ਗੁਪਤਾ, ਮਨਜਿੰਦਰ ਸਿੰਘ ਸਿਰਸਾ ਅਤੇ ਕਪਿਲ ਮਿਸ਼ਰਾ ਨੂੰ ਨੋਟਿਸ ਭੇਜਿਆ ਹੈ।
ਐਡੀਸ਼ਨਲ ਚੀਫ਼ ਮੈਟਰੋਪਾਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਤਿੰਨਾਂ ਵਿਧਾਇਕਾਂ ਨੂੰ 30 ਅਗਸਤ ਤੱਕ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਮਰਾਨ ਹੁਸੈਨ ਦਾ ਦੋਸ਼ ਹੈ ਕਿ ਦਿੱਲੀ ਵਿੱਚ 17 ਹਜ਼ਾਰ ਦਰੱਖਤਾਂ ਨੂੰ ਕੱਟਣ ਦੇ ਹੁਕਮ ਵਾਲੇ ਮਾਮਲੇ 'ਤੇ ਉਨ੍ਹਾਂ ਨੇ ਝੂਠੇ ਇਲਜ਼ਾਮ ਲਾਏ ਸਨ।
ਇਨ੍ਹਾਂ ਤਿੰਨਾਂ ਵਿਧਾਇਕਾਂ ਨੇ ਜੂਨ 2018 ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਸੀ ਜਿਸ ਵਿੱਚ ਇਮਰਾਨ ਹੁਸੈਨ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸੀ। ਪ੍ਰਦਰਸ਼ਨ ਦੌਰਾਨ ਇਨ੍ਹਾਂ ਨੇ ਪੋਸਟਰ ਲਾਏ ਸੀ ਜਿਸ 'ਤੇ ਲਿਖਿਆ ਸੀ ਕਿ ਕੇਜਰੀਵਾਲ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਨੇ 23 ਕਰੋੜ ਰੁਪਏ ਲੈ ਕੇ ਦਰੱਖ਼ਤ ਕੱਟਣ ਦੀ ਇਜਾਜ਼ਤ ਦਿੱਤੀ ਹੈ। ਇਮਰਾਨ ਹੁਸੈਨ ਪਹਿਲਾਂ ਵੀ ਇਸ ਮਾਮਲੇ 'ਤੇ ਇਨ੍ਹਾਂ ਨੂੰ ਲੀਗਲ ਨੋਟਿਸ ਭੇਜ ਚੁੱਕੇ ਹਨ।