ਬਠਿੰਡਾ: ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸ ਦਾ ਵਿਰੋਧ ਲਗਾਤਾਰ ਜਾਰੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਨੇ ਹੁਣ ਅਗਲੀ ਰਣਨੀਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਭਾਰਤੀ ਕਿਸਾਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਪੰਜਾਬ ਬੰਦ ਦੇ ਸੱਦੇ ਦਾ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਹੈ ਤੇ ਹੁਣ ਆਉਣ ਵਾਲੀ 27 ਸਤੰਬਰ ਨੂੰ 31 ਕਿਸਾਨ ਜਥੇਬੰਦੀਆਂ ਦੀ ਬਠਿੰਡਾ ਟੀਚਰਹੋਮ ਵਿੱਚ ਬੈਠਕ ਕੀਤੀ ਜਾਵੇਗੀ।
ਸੰਦੋਹਾ ਨੇ ਦੱਸਿਆ ਕਿ ਅਗਲੀ ਰਣਨੀਤੀ 31 ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਰੇਲਾਂ ਰੋਕੇ ਜਾਣ ਦੀ ਹੋਵੇਗੀ ਜਿਸ ਨੂੰ ਲੈ ਕੇ ਬੈਠਕ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਰੇਲਾਂ ਰੋਕਣ ਲਈ ਕਿੰਨੀਆਂ ਥਾਵਾਂ 'ਤੇ ਅਤੇ ਕਿੱਥੇ-ਕਿੱਥੇ ਰੇਲਾਂ ਜਾਮ ਕਰਨ ਲਈ ਨਾਕੇ ਲਗਾਏ ਜਾਣਗੇ।
ਸੰਦੋਹਾ ਨੇ ਦੱਸਿਆ ਕਿ ਖੇਤੀ ਆਰਡੀਨੈਂਸ ਖ਼ਿਲਾਫ਼ ਕਿਸਾਨ ਅੱਜ ਸੜਕਾਂ 'ਤੇ ਹੈ। ਅੱਜ ਜਿੰਨਾ ਕਿਸਾਨ ਪ੍ਰੇਸ਼ਾਨ ਹੈ ਉੰਨਾਂ ਹੀ ਪ੍ਰੇਸ਼ਾਨ ਅਸੀਂ ਕੇਂਦਰ ਸਰਕਾਰ ਨੂੰ ਵੀ ਕਰਾਂਗੇ ਤੇ ਉਨ੍ਹਾਂ ਦੀਆਂ ਭਾਈਵਾਲ ਕੰਪਨੀਆਂ ਅੰਬਾਨੀ, ਅਡਾਨੀ ਦਾ ਵੀ ਵਿਰੋਧ ਕਰਾਂਗੇ ਜਿਸ ਨੂੰ ਲੈ ਕੇ ਰਿਲਾਇੰਸ ਅਤੇ ਜੀਓ ਕੰਪਨੀ ਦੇ ਸਿਮ ਨੂੰ ਵੀ ਬਾਈਕਾਟ ਕਰਾਂਗੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਆਪਣਾ ਖੇਤੀ ਆਰਡੀਨੈਂਸ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨ ਇਸੇ ਤਰੀਕੇ ਨਾਲ ਆਪਣਾ ਸੰਘਰਸ਼ ਹੋਰ ਤਿੱਖਾ ਕਰਦੇ ਰਹਿਣਗੇ।