ਅੰਮ੍ਰਿਤਪਾਲ 'ਤੇ ਐਕਸ਼ਨ ਤੋਂ ਖਫਾ, ਨੌਜਵਾਨਾਂ ਨੇ ਬਠਿੰਡਾ ਤਲਵੰਡੀ ਸਾਬੋ ਸੜਕ ਕੀਤੀ ਜਾਮ ਬਠਿੰਡਾ :ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਏ ਗਏ ਸਰਚ ਅਭਿਆਨ ਦੇ ਵਿਰੋਧ ਵਿੱਚ ਅੱਜ ਕੁਝ ਨੌਜਵਾਨਾਂ ਵੱਲੋਂ ਬਠਿੰਡਾ ਤਲਵੰਡੀ ਸਾਬੋ ਰੋਡ ਤੇ ਸਥਿਤ ਪਿੰਡ ਕੋਟ ਸ਼ਮੀਰ ਵਿਖੇ ਸੰਕੇਤਕ ਜਾਮ ਲਗਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਜਾਮ ਦਾ ਪਤਾ ਲੱਗਣ ਤੋਂ ਬਾਅਦ ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਸੜਕ ਤੋਂ ਹਟਾਇਆ ਗਿਆ।
ਲੋਕਾਂ ਨੂੰ ਪੁਲਿਸ ਨੇ ਕੀਤੀ ਅਪੀਲ:ਜਾਣਕਾਰੀ ਮੁਤਾਬਿਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ ਲਈ ਉਹ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਘਟਨਾ ਦਾ ਪਤਾ ਚੱਲਦਿਆਂ ਹੀ ਤੁਰੰਤ ਹੀ ਪੁਲਿਸ ਪ੍ਰਸਾਸ਼ਨ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਭਾਈ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਸਰਚ ਅਭਿਆਨ ਦੇ ਵਿਰੋਧ ਵਿੱਚ ਬਠਿੰਡਾ ਸ੍ਰੀ ਤਲਵੰਡੀ ਸਾਬੋ ਸੜਕ ਤੇ ਜਾਮ ਲਗਾਇਆ ਗਿਆ ਪਰ ਪੁਲਿਸ ਅਧਿਕਾਰੀ ਜਾਮ ਦਾ ਪਤਾ ਚਲਦੇ ਹੀ ਮੌਕੇ ਤੇ ਪਹੁੰਚੇ ਅਤੇ ਨੌਜਵਾਨਾਂ ਨੂੰ ਸਮਝਾਇਆ ਗਿਆ।
ਇਹ ਵੀ ਪੜ੍ਹੋ :ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਉੱਤੇ ਦਰਜ ਹੋਇਆ ਇਹ ਮਾਮਲਾ, ਅੰਮ੍ਰਿਤਸਰ ਦੇ ਐੱਸਐੱਸਪੀ ਨੇ ਕੀਤੇ ਪ੍ਰੈੱਸ ਕਾਨਫਰੰਸ 'ਚ ਖੁਲਾਸੇ
ਲਗਾਈ ਗਈ ਧਾਰਾ 144 :ਇਹ ਵੀ ਯਾਦ ਰਹੇ ਕਿ ਪੁਲਿਸ ਵਲੋਂ ਚਾਰੇ ਪਾਸੇ ਨਜਰ ਰੱਖੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਦਾ ਸ੍ਰੀ ਮੁਕਤਸਰ ਸਾਹਿਬ 'ਚ ਟਿੱਬੀ ਸਾਹਿਬ ਗੁਰਦਵਾਰੇ 'ਚ ਹੋਣ ਵਾਲਾ ਖਾਲਸਾ ਵਹੀਰ ਪ੍ਰੋਗਰਾਮ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਰੱਦ ਕੀਤਾ ਗਿਆ ਹੈ। ਇਸ ਲਈ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਧਾਰਾ 144 ਲਗਾਈ ਗਈ ਹੈ। ਇਹ ਯਾਦ ਰਹੇ ਕਿ ਪੁੁਲਿਸ ਵਲੋਂ ਲਗਾਤਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਉਸ ਨਾਲ ਜੁੜੇ ਸਾਰੇ ਪ੍ਰੋਗਰਾਮ ਰੱਦ ਕੀਤੇ ਜਾ ਰਹੇ ਹਨ। ਪੁਲਿਸ ਵਲੋਂ ਸ੍ਰੀ ਮੁਕਤਸਰ ਸਾਹਿਬ 'ਚ ਟਿੱਬੀ ਸਾਹਿਬ ਗੁਰਦਵਾਰੇ 'ਚ ਹੋਣ ਵਾਲਾ ਖਾਲਸਾ ਵਹੀਰ ਪ੍ਰੋਗਰਾਮ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
78 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ:ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ 'ਵਾਰਿਸ ਪੰਜਾਬ ਦੇ' ਅਨਸਰਾਂ ਦੇ ਖਿਲਾਫ ਰਾਜ ਵਿੱਚ ਇੱਕ ਵਿਸ਼ਾਲ ਰਾਜ-ਵਿਆਪੀ ਘੇਰਾਬੰਦੀ ਅਤੇ ਖੋਜ ਅਪ੍ਰੇਸ਼ਨ (ਸੀਏਐਸਓ) ਸ਼ੁਰੂ ਕੀਤਾ ਸੀ, ਜਿਨ੍ਹਾਂ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ। ਅਪਰੇਸ਼ਨ ਦੌਰਾਨ ਹੁਣ ਤੱਕ ਕੁੱਲ 78 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ-ਮਲਸੀਆਂ ਰੋਡ 'ਤੇ ਪੁਲਿਸ ਵੱਲੋਂ WPD (ਵਾਰਿਸ ਪੰਜਾਬ ਦੇ) ਦੀਆਂ ਕਈ ਗਤੀਵਿਧੀਆਂ ਨੂੰ ਰੋਕਿਆ ਗਿਆ ਅਤੇ 7 ਵਿਅਕਤੀਆਂ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸਮੇਤ ਕਈ ਹੋਰ ਫ਼ਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।