ਬਠਿੰਡਾ: ਪੰਜਾਬ ਸਰਕਾਰ ਇਸ ਸਮੇਂ ਇਸ਼ਤਿਹਾਰਾਂ ਦੀ ਸਰਕਾਰ ਬਣ ਚੁਕੀ ਹੈ ਅਤੇ ਇਸ ਤੋਂ ਪਹਿਲਾਂ ਚਰਚਾਵਾਂ ਸੀ ਕਿ ਪੰਜਾਬ ਦਾ ਪੈਸਾ ਅਤੇ ਇਸ਼ਤਿਹਾਰ ਗੁਜਰਾਤ-ਹਿਮਾਚਲ ਦੀਆਂ ਚੋਣਾਂ ਵਿੱਚ ਖਰਚ ਕੀਤਾ ਜਾ ਰਿਹਾ ਹੈ, ਪਰ ਹੁਣ ਬਠਿੰਡਾ ਦੇ ਵਿੱਚ ਰਹਿਣ ਵਾਲੇ ਇਕ ਆਰਟੀਆਈ ਐਕਟੀਵਿਸਟ ਰਾਜਨਦੀਪ ਸਿੰਘ ਨੇ ਪੰਜਾਬ ਸਰਕਾਰ ਨੂੰ ਇਸ਼ਤਿਹਾਰਾਂ ਉੱਤੇ ਕੀਤੇ ਜਾ ਰਹੇ ਖਰਚੇ ਨੂੰ ਲੈ ਕੇ ਸਵਾਲ ਚੁੱਕੇ ਨੇ। ਆਪਣੀ ਗੱਲਬਾਤ ਦੇ ਦੌਰਾਨ ਰਾਜਨਦੀਪ ਸਿੰਘ ਨੇ ਇਹ ਖੁਲਾਸਾ ਕੀਤਾ ਹੈ ਕਿ ਪੰਜਾਬ ਸਰਕਾਰ ਤੋਂ ਮੰਗੀ ਗਈ ਆਰ ਟੀ ਆਈ ਦੇ ਮੁਤਾਬਕ 25 ਦਿਨਾਂ ਵਿੱਚ 33 ਕਰੋੜ ਰੁਪਏ ਆਪਣੇ ਕੰਮਾਂ ਦੇ ਇਸ਼ਤਿਹਾਰਾਂ ਦੇ ਉੱਤੇ ਖਰਚ ਕੀਤਾ ਹੈ ਅਤੇ ਇਹ ਇਸ਼ਤਿਹਾਰ ਟੀਵੀ ਚੈਨਲਾਂ ,ਅਖਬਾਰਾਂ, ਵੈੱਬਸਾਈਟ ਅਤੇ ਰੇਡੀਓ ਉੱਤੇ ਦਿੱਤੇ ਗਏ ਸਨ।
ਆਰਟੀਆਈ ਐਕਟੀਵਿਸਟ ਦੇ ਖ਼ੁਲਾਸੇ: ਰਾਜਨਦੀਪ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਉਹ ਕੰਮ ਨਹੀਂ ਹੋਏ ਹਨ ਜਿਨ੍ਹਾਂ ਦੇ ਇਸ਼ਤਿਹਾਰ ਲੱਗੇ ਹਨ ਉਨ੍ਹਾਂ ਕਿਹਾ ਜੇ ਕੰਮ ਹੋਇਆ ਹੈ ਤਾਂ ਇਸ ਤਰ੍ਹਾਂ ਇਸ਼ਤਿਹਾਰਬਾਜ਼ੀ ਦੀ ਜ਼ਰੂਰਤ ਨਹੀਂ ਪੈਣੀ। ਉਨ੍ਹਾਂ ਕਿਹਾ ਹੁਣ ਜਨਤਾ ਦੇ ਟੈਕਸ ਦਾ ਪੈਸਾ ਬੇਬੁਨਿਆਦੀ ਢੰਗ ਨਾਲ ਪੰਜਾਬ ਸਰਕਾਰ ਖਰਚ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ, ਜਦੋਂ ਕਿ ਪੰਜਾਬ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਅੰਦਰ ਇਨ੍ਹਾਂ ਦੇ ਖੁਦ ਦੇ ਮੰਤਰੀ ਐਮ ਐਲ ਏ ਗ੍ਰਿਫ਼ਤਾਰ ਹੋ ਰਹੇ ਹਨ। ਰਾਜਨਦੀਪ ਨੇ ਦੱਸਿਆ ਕਿ ਉਸ ਵੱਲੋਂ ਕਰੀਬ 3 ਮਹੀਨੇ ਪਹਿਲਾਂ ਲੋਕ ਸੰਪਰਕ ਵਿਭਾਗ ਨੂੰ ਆਰਟੀਆਈ ਪਾਕੇ ਤਿੰਨ ਸਵਾਲ ਪੁੱਛੇ ਗਏ ਸਨ, ਪਰਗਟ ਭਾਗੂ ਵੱਲੋਂ 30 ਦਿਨਾਂ ਦੇ ਅੰਦਰ-ਅੰਦਰ ਆਰਟੀਆਈ ਦਾ ਜਵਾਬ ਦੇਣ ਦੀ ਬਜਾਏ ਕਰੀਬ ਤਿੰਨ ਮਹੀਨਿਆਂ ਬਾਅਦ ਤਿੰਨ ਵਿਚੋਂ ਦੋ ਸੁਆਲਾਂ ਦੇ ਜਵਾਬ ਹੀ ਭੇਜੇ ਗਏ ਹਨ।