ਬਠਿੰਡਾ: ਕਿਸਾਨ ਇੱਕ ਪਾਸੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਮਾਲਵਾ ਪੱਟੀ ਦੇ ਕਿਸਾਨਾਂ ਦੀ ਨਰਮੇ ਦੀ ਫਸਲ ’ਤੇ ਕੁਦਰਤੀ ਮਾਰ ਪਾ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱੱਤਾ ਹੈ। ਮਾਲਵਾ ਖਿੱਤੇ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਬੀਤੇ ਦਿਨ ਆਈ ਤੇਜ਼ ਹਨੇਰੀ ਅਤੇ ਝਖੜ ਨੇ ਕਿਸਾਨਾਂ ਦੀ ਸੈਂਕੜੇ ਏਕੜ ਨਰਮੇ ਦੀ ਫਸਲ ਬਿਲਕੁੱਲ ਤਬਾਹ ਕਰ ਦਿੱਤੀ ਹੈ। ਪਹਿਲਾਂ ਹੀ ਕਰਜੇ ਦੇ ਬੋਝ ਹੇਠ ਦਬੇ ਕਿਸਾਨ ਹੁਣ ਸਰਕਾਰ ਤੋਂ ਮੁਆਵਜੇ ਦੀ ਗੁਹਾਰ ਲਗਾ ਰਹੇ ਹਨ।
ਦੱਸਣਾ ਬਣਦਾ ਹੈ ਕਿ ਮਾਲਵਾ ਦੀ ਇਤਿਹਾਸਿਕ ਸਬ ਡਵੀਜਨ ਤਲਵੰਡੀ ਸਾਬੋ ਦਾ ਇਲਾਕਾ ਨਰਮਾ ਬੈਲਟ ਹੋਣ ਕਰਕੇ ਕਿਸਾਨ ਜਿਆਦਾ ਨਰਮੇ ਦੀ ਖੇਤੀ ਕਰਦੇ ਹਨ।
ਬੀਤੇ ਕੱਲ਼੍ਹ ਤੇਜ ਆਈ ਹਨੇਰੀ ਕਾਰਨ ਗਰਮ ਰੇਤ ਨੇ ਨਰਮੇ ਨੂੰ ਮਚਾ ਦਿੱਤਾ ਹੈ ਤੇ ਨਰਮੇ ਦੇ ਪੱਤੇ ਸਾੜ ਕੇ ਰੱਖ ਦਿੱਤੇ ਹਨ, ਜਿਸ ਨਾਲ ਨਰਮੇ ਦੀ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਮੁਤਾਬਕ ਪਿੰਡਾਂ ਦੇ 1400 ਸੌ ਏਕੜ ਤੋਂ ਵੱਧ ਨਰਮੇ ਦੀ ਫਸਲ ਤਬਾਹ ਹੋ ਚੁੱਕੀ ਹੈ, ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਰਕਮ ਮਹਿੰਗੇ ਬੀਜ ਅਤੇ ਰੇਅ ਸਪਰੇਅ ਦੇ ਖਰਚੇ ਹੋ ਚੁੱਕੇ ਹਨ।