ਬਠਿੰਡਾ: ਸ਼ਹਿਰ ਦੇ ਕੋਨੇ ਵਿਚ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਇੰਨੀ ਗੂੜੀ ਹੈ ਕਿ ਉਹ ਇਕ ਥਾਂ ਉਪਰ ਇਕੱਠੇ ਹੋ ਕੇ ਮਨੁੱਖਤਾ ਦੀ ਸੇਵਾ ਲਈ ਲੰਗਰ ਤਿਆਰ ਕਰਦੇ ਹਨ। ਬਠਿੰਡਾ ਦੇ ਭਾਈ ਘੰਨ੍ਹਈਆ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਪਿਛਲੇ ਦੋ ਦਹਾਕਿਆਂ ਤੋਂ ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਵੱਲੋਂ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਤੋਂ ਨਿਰਵਿਘਨ ਲੰਗਰ ਦੀ ਸੇਵਾ ਜਾਰੀ ਹੈ। ਗੁਰਦੁਆਰਾ ਭਾਈ ਮਤੀ ਦਾਸ ਵਿਖੇ ਬਤੌਰ ਗ੍ਰੰਥੀ ਸੇਵਾ ਨਿਭਾ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਇਹ ਲੰਗਰ ਸੇਵਾ 23 ਮਈ 2003 ਨੂੰ ਸ਼ੁਰੂ ਕੀਤੀ ਗਈ ਸੀ, ਜੋ ਕਿ ਮਨੁੱਖਤਾ ਦੀ ਸੇਵਾ ਲਈ ਨਿਰੰਤਰ ਜਾਰੀ ਹੈ।
ਰੋਜ਼ਾਨਾ 400 ਤੋਂ 500 ਲੋਕਾਂ ਲਈ ਲੰਗਰ ਤਿਆਰ ਕੀਤਾ ਜਾਂਦਾ:ਗੁਰਦੁਆਰਾ ਭਾਈ ਮਤੀ ਦਾਸ ਵਿਖੇ ਬਤੌਰ ਗ੍ਰੰਥੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਲੰਗਰ ਸੇਵਾ ਲਈ ਪਿੰਡ ਕੋਟਸ਼ਮੀਰ ਵੱਲੋਂ ਕਣਕ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਨਗਰ ਦੀ ਬੀਬੀਆਂ ਵੱਲੋਂ ਰੋਜ਼ਾਨਾ ਦੋ ਵਜੇ ਆ ਕੇ ਸੰਗਤ ਲਈ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਹਨ। ਇਹ ਪ੍ਰਸ਼ਾਦੇ ਤਿਆਰ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਜਾਂਦੀ ਹੈ ਅਤੇ ਫਿਰ ਇਹ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਲੰਗਰ ਵਰਤਾਉਣ ਲਈ ਭੇਜਿਆ ਜਾਂਦਾ ਹੈ। ਪਵਿੱਤਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ 400 ਤੋਂ 500 ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ। ਇਸ ਲੰਗਰ ਵਿੱਚ ਦਾਲ, ਫੁਲਕੇ ਤੋਂ ਇਲਾਵਾ ਦਲੀਆ ਵੀ ਮਰੀਜ਼ਾਂ ਲਈ ਤਿਆਰ ਕੀਤਾ ਜਾਂਦਾ ਹੈ।
20 ਸਾਲਾਂ ਤੋਂ ਨਿਰਵਿਘਨ ਚਲ ਰਹੀ ਸੇਵਾ: ਗੁਰਦੁਆਰਾ ਸਾਹਿਬ ਦੇ ਸੇਵਾਦਾਰ ਭਾਈ ਆਤਮਾ ਸਿੰਘ ਚਹਿਲ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਇਸ ਲੰਗਰ ਨੂੰ ਨਿਰਵਿਘਨ ਚਲਾਉਣ ਲਈ ਉਨ੍ਹਾਂ ਵੱਲੋਂ ਆਪਣੇ ਪੱਧਰ ਉੱਪਰ ਮਾਇਆ ਇਕਠੀ ਕੀਤੀ ਜਾਂਦੀ ਸੀ, ਪਰ ਹੌਲੀ-ਹੌਲੀ ਇਸ ਲੰਗਰ ਨਾਲ ਸ਼ਹਿਰ ਦੇ ਹੋਰ ਲੋਕ ਵੀ ਜੁੜਦੇ ਗਏ। ਹੁਣ ਹਰ ਮਹੀਨੇ ਪੱਕੇ ਦਿਨ ਸੇਵਾ ਕਰਨ ਵਾਲਿਆਂ ਵੱਲੋਂ ਉਸ ਦਿਨ ਆ ਕੇ ਆਪਣੇ ਤੌਰ ਉਪਰ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਦੇਸ਼ ਜਾਣ ਵਾਲੇ ਅਤੇ ਜਨਮ ਦਿਨ ਮਨਾਉਣ ਵਾਲੇ ਵੀ ਇਸ ਲੰਗਰ ਵਿੱਚ ਆਪਣਾ ਸਹਿਯੋਗ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਵਾਹਿਗੁਰੂ ਦੀ ਕਿਰਪਾ ਨਾਲ ਇਕ ਵੀ ਦਿਨ ਅਜਿਹੀ ਨਹੀਂ ਹੋਇਆ ਕਿ ਲੰਗਰ ਤਿਆਰ ਹੋ ਕੇ ਲੋੜਵੰਦਾਂ ਨੂੰ ਨਾ ਪਹੁੰਚਿਆਂ ਹੋਵੇ।