ਬਠਿੰਡਾ:ਬੀਤੇ ਦਿਨੀਂ ਬਠਿੰਡਾ ਦੇ ਸੰਗਤ ਬਲਾਕ ਵਿੱਚ ਭਾਜਪਾ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਹਰੀਸ਼ ਕੁਮਾਰ ਵੱਲੋਂ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਇਸ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਭਾਜਪਾ ਭੁੱਲ ਜਾਵੇ ਕਿ ਉਹ ਪੰਜਾਬ ਦੇ ਕਿਸਾਨਾਂ ਵਿੱਚ ਆਪਣੇ ਲਈ ਜਗ੍ਹਾ ਬਣਾ ਲਵੇਗੀ ਕਿਉਂਕਿ ਜੋ ਨੀਤੀਆਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਮਾਰੂ ਲਾਗੂ ਕੀਤੀਆਂ ਜਾ ਰਹੀਆਂ ਹਨ ਉਸ ਨਾਲ ਲਗਾਤਾਰ ਕਿਸਾਨਾਂ ਦੇ ਦਿਲ ਵਿੱਚ ਭਾਜਪਾ ਪ੍ਰਤੀ ਨਫਰਤ ਵਧਦੀ ਤੁਰੀ ਜਾ ਰਹੀ ਹੈ।
ਕਿਸਾਨ ਖੁਦਕੁੁਸ਼ੀਆਂ ਨੂੰ ਲੈਕੇ ਕਿਸਾਨਾਂ ਨੇ ਘੇਰੀ ਭਾਜਪਾ :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪਿਛਲੇ ਦਿਨੀਂ ਭਾਜਪਾ ਦੇ ਕੌਮੀ ਪ੍ਰਧਾਨ ਰਾਜ ਕੁਮਾਰ ਵੱਲੋਂ ਬਠਿੰਡਾ ਦੇ ਵਿੱਚ ਦੋ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਹ ਪੰਜਾਹ ਹਜ਼ਾਰ ਰੁਪਏ ਦੀ ਆਰਥਿਕ ਮੱਦਦ ਕਰਨ ਦਾ ਐਲਾਨ ਕੀਤਾ ਗਿਆ ਪਰ ਜਿੰਨ੍ਹਾਂ ਕਿਸਾਨਾਂ ਨੇ ਦਿੱਲੀ ਵਿਖੇ ਤਿੰਨ ਖੇਤੀਬਾੜੀ ਬਿਲਾਂ ਦੇ ਅੰਦੋਲਨ ਦੌਰਾਨ ਆਪਣੀ ਜਾਨ ਦਿੱਤੀ ਉਨ੍ਹਾਂ ਦੀ ਗਿਣਤੀ ਕੇਂਦਰ ਦੀ ਭਾਜਪਾ ਸਰਕਾਰ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਕਿ ਕਿਸਾਨ ਮਜ਼ਬੂਰਨ ਖ਼ੁਦਕੁਸ਼ੀਆਂ ਦੇ ਰਾਹ ਪੈ ਰਿਹਾ।
ਕਿਸਾਨ ਆਗੂ ਨੇ ਕਿਹਾ ਕਿ ਆਏ ਦਿਨ ਲਾਗਤ ਦੇ ਖਰਚੇ ਵਧ ਰਹੇ ਹਨ ਤੇ ਆਮਦਨ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਰੇਹ ਸਪਰੇਆਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਿਸਾਨ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕਿਸਾਨਾਂ ਪ੍ਰਤੀ ਜਾਗੇ ਮੋਹ ਪਿੱਛੇ ਕਿਤੇ ਨਾ ਕਿਤੇ ਰਾਜਨੀਤਿਕ ਮਨਸ਼ਾ ਜ਼ਾਹਿਰ ਹੋ ਰਹੀ ਹੈ ਕਿਉਂਕਿ ਦੋ ਹਜ਼ਾਰ ਚੌਵੀ ਦੀਆਂ ਪਾਰਲੀਮੈਂਟ ਚੋਣਾਂ ਨੇੜੇ ਹਨ ਅਤੇ ਭਾਜਪਾ ਵੱਲੋਂ ਇੰਨ੍ਹਾਂ ਚੋਣਾਂ ਨੂੰ ਲੈ ਕੇ ਹੀ ਪੰਜਾਬ ਦੇ ਕਿਸਾਨਾਂ ਨਾਲ ਲਗਾਤਾਰ ਨਜ਼ਦੀਕੀਆਂ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਭੁੱਲ ਜਾਵੇ ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਦਿਲਾਂ ਵਿੱਚ ਭਾਜਪਾ ਪ੍ਰਤੀ ਨਫ਼ਰਤ ਇੰਨ੍ਹੀ ਛੇਤੀ ਘੱਟ ਹੋਣ ਵਾਲੀ ਨਹੀਂ ਕਿਉਂਕਿ ਇਸ ਸਰਕਾਰ ਦੇ ਚੱਲਦੇ ਹੀ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ।
ਭਾਜਪਾ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਨਜ਼ਦੀਕੀਆਂ ਵਧਾਉਣ ਦੀਆਂ ਕੋਸ਼ਿਸ਼ਾਂ ’ਤੇ ਕਿਸਾਨਾਂ ਤਿੱਖਾ ਪ੍ਰਤੀਕਰਮ 'ਸਿਆਸੀ ਜ਼ਮੀਨ ਬਚਾਉਣ ਲਈ ਭਾਜਪਾ ਕਿਸਾਨਾਂ ਪ੍ਰਤੀ ਜਤਾ ਰਹੀ ਮੋਹ': ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਜੋ ਭਾਜਪਾ ਦਾ ਪੰਜਾਬ ਵਿੱਚ ਹਾਲ ਹੋਇਆ ਹੈ ਉਸ ਕਾਰਨ ਲਗਾਤਾਰ ਭਾਜਪਾ ਵੱਲੋਂ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਹੀ ਉਨ੍ਹਾਂ ਵਲੋਂ ਲਗਾਤਾਰ ਕਿਸਾਨਾਂ ਪ੍ਰਤੀ ਆਪਣਾ ਮੋਹ ਜਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖ਼ੁਦਕੁਸ਼ੀਆਂ ਕਿਉਂ ਕਰਨ ਜੇ ਕੇਂਦਰ ਸਰਕਾਰ ਉਨ੍ਹਾਂ ਦੀ ਫਸਲ ਦਾ ਬਣਦਾ ਮੁੱਲ ਦੇਵੇ। ਕਿਸਾਨ ਆਗੂ ਨੇ ਕਿਹਾ ਕਿ ਅੱਜ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਖੇਤੀ ਲਾਗਤ ਵਿੱਚ ਵਾਧਾ ਕੀਤਾ ਜਾ ਰਿਹਾ ਜਿਸ ਕਾਰਨ ਕਿਸਾਨ ਆਰਥਿਕ ਤੌਰ ’ਤੇ ਟੁੱਟ ਚੁੱਕਿਆ ਹੈ।
ਨਿਗੂਣੇ ਮੁਆਵਜ਼ੇ ਨਾਲ ਨਹੀਂ ਖਤਮ ਹੋਵੇਗੀ ਨਫਤਰ: ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਬਲਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਭਾਜਪਾ ਪ੍ਰਤੀ ਪੰਜਾਬ ਦੇ ਕਿਸਾਨਾ ਦੀ ਨਫ਼ਰਤ ਨਿਗੂਣੇ ਮੁਆਵਜ਼ੇ ਨਾਲ ਘੱਟ ਨਹੀਂ ਹੋਵੇਗੀ ਕਿਉਂਕਿ ਕਿਸਾਨਾਂ ਨੂੰ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਕੋਈ ਵੀ ਰਾਹਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਦਾਅਵੇ ਕਰਨ ਵਾਲੀ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕਿਸਾਨਾਂ ਨੂੰ ਐੱਮਐੱਸਪੀ ਲਾਗੂ ਕਰਨ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ। ਲਗਾਤਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਭੱਜ ਰਹੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਕਿ ਕਿਸਾਨਾਂ ਨੂੰ ਆਪਣੀ ਫਸਲ ਦੀ ਦੇਖਭਾਲ ਤੋਂ ਲੈ ਕੇ ਬੀਜ ਬਿਜਾਈ ਤੱਕ ਲਗਪਗ ਦੁੱਗਣੀ ਲਾਗਤ ਲਾਉਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਕਰਦੇ ਹੋਏ ਕਿਸਾਨ ਪੱਖੀ ਕੋਈ ਵੀ ਫ਼ੈਸਲਾ ਨਹੀਂ ਲਿਆ ਜਾ ਰਿਹਾ ਜਿਸ ਕਾਰਨ ਪੰਜਾਬ ਦੇ ਕਿਸਾਨਾਂ ਵਿੱਚ ਲਗਾਤਾਰ ਕੇਂਦਰ ਦੀ ਸਰਕਾਰ ਪ੍ਰਤੀ ਨਫ਼ਰਤ ਵਧਦੀ ਜਾ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਇਹ ਜੋ ਪਿਛਲੇ ਦਿਨੀਂ ਭਾਜਪਾ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਵੱਲੋਂ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਨਿਗੁਣਾਂ ਮੁਆਵਜ਼ਾ ਦਿੱਤਾ ਗਿਆ ਇਸ ਨਾਲ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਮਿਲੇਗੀ ਬਲਕਿ ਸਰਕਾਰ ਨੂੰ ਚਾਹੀਦਾ ਹੈ ਕਿ ਖ਼ੁਦਕੁਸ਼ੀ ਕਰ ਚੁੱਕੇ ਪਰਿਵਾਰਾਂ ਦੀ ਬਾਂਹ ਫੜਨ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕੀਤਾ ਜਾਵੇ।
ਇਹ ਵੀ ਪੜ੍ਹੋ:ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ, ਇੱਕ ਵਿਧਾਇਕ, ਇੱਕ ਪੈਨਸ਼ਨ ਨੂੰ ਮਨਜ਼ੂਰੀ