ਬਠਿੰਡਾ: ਸਿਵਲ ਹਸਪਤਾਲ ਵਿੱਚ 3 ਜੁਲਾਈ ਨੂੰ ਇੱਕ ਡੇਢ ਸਾਲ ਦੇ ਮਾਸੂਮ ਬੱਚੇ ਦਾ ਪੋਸਟ ਮਾਰਟਮ ਕੀਤਾ ਗਿਆ। ਮ੍ਰਿਤਕ ਬੱਚੇ ਦੀ ਪਹਿਚਾਣ ਹਨੀ ਦੇ ਤੌਰ ਉੱਤੇ ਹੋਈ ਹੈ, ਮ੍ਰਿਤਕ ਹਨੀ ਦੇ ਮਾਂ ਪਾਇਲ ਦਾ ਕਹਿਣਾ ਹੈ ਕਿ ਕੱਲ੍ਹ ਉਸ ਨੇ ਆਪਣੇ ਬੱਚੇ ਨੂੰ ਨਹਿਲਾਇਆ ਅਤੇ ਬਾਅਦ ਵਿੱਚ ਉਹ ਸੌਂ ਗਿਆ। ਜਦੋਂ ਸ਼ਾਮ ਨੂੰ ਉਹ ਨਹੀਂ ਉੱਠਿਆ ਤਾਂ ਉਸ ਨੂੰ ਉਹ ਸਰਕਾਰੀ ਹਸਪਤਾਲ ਲੈ ਕੇ ਪੁੱਜੀ। ਇਸ ਦੌਰਾਨ ਉਸ ਦੇ ਪਰਿਵਾਰਿਕ ਮੈਂਬਰ ਵੀ ਨਾਲ ਸਨ।
ਸਿਵਲ ਹਸਪਤਾਲ ਦੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਵੀਕਾਂਤ ਨੇ ਬੱਚੇ ਦੀ ਜਾਂਚ ਕੀਤੀ ਅਤੇ ਉਸ ਨੂੰ ਮਰਿਆ ਹੋਇਆ ਐਲਾਨ ਦਿੱਤਾ।
ਮ੍ਰਿਤਕ ਬੱਚੇ ਦੀ ਮਾਂ ਨੇ ਡਾਕਟਰਾਂ ਉੱਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਉਸ ਦਾ ਬੱਚਾ ਰੱਖ ਲਿਆ ਅਤੇ ਉਸ ਦਾ ਧੱਕੇ ਨਾਲ ਪੋਸਟ ਮਾਰਟਮ ਕਰ ਦਿੱਤਾ ਗਿਆ। ਉਸ ਨੇ ਇਹ ਦੋਸ਼ ਲਾਏ ਕਿ ਡਾਕਟਰ ਧੱਕੇ ਨਾਲ ਉਸ ਨੂੰ ਉਸ ਦੇ ਘਰ ਕਾਰ ਵਿੱਚ ਛੱਡ ਕੇ ਆਏ ਅਤੇ ਬੱਚਾ ਆਪਣੇ ਕੋਲ ਰੱਖ ਲਿਆ।
ਉਸ ਨੇ ਦੱਸਿਆ ਕਿ ਮੌਕੇ ਉੱਤੇ ਜਦੋਂ ਪੁਲਿਸ ਵੀ ਆਈ ਤਾਂ ਪੁਲਿਸ ਨੇ ਵੀ ਕੁੱਝ ਨਹੀਂ ਸੁਣਿਆ, ਹਾਲੇ ਵੀ ਉਸ ਦੇ ਬੱਚੇ ਦੀ ਲਾਸ਼ ਨੂੰ ਮੁਰਦਾ ਘਰ ਵਿੱਚ ਰੱਖਿਆ ਹੋਇਆ ਹੈ।
ਇਹ ਗੱਲ ਉਹ ਕੱਲ੍ਹ ਵੀ ਸੰਬੰਧਿਤ ਡਾਕਟਰ ਨੂੰ ਦੱਸ ਰਹੀ ਸੀ , ਪਰ ਫਿਰ ਵੀ ਉਸ ਦੇ ਬੇਟੇ ਦਾ ਰੁੱਕਾ ਭੇਜਿਆ ਗਿਆ । ਪਾਇਲ ਦਾ ਕਹਿਣਾ ਹੈ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਰੁੱਕਾ ਕੀ ਹੁੰਦਾ ਹੈ, ਅੱਜ ਉਸ ਦੇ ਬੇਟੇ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦੀ ਲਾਸ਼ ਉਸ ਨੂੰ ਦੇ ਦਿੱਤੀ ਗਈ।
ਉੱਥੇ ਹੀ ਬੱਚੇ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰ ਧੀਰਜ ਗੋਇਲ ਨੇ ਦੱਸਿਆ ਕਿ ਡਾਕਟਰ ਰਵੀਕਾਂਤ ਨੇ ਬਕਾਇਦਾ ਇਸ ਦਾ ਰੁੱਕਾ ਪੁਲਿਸ ਨੂੰ ਭੇਜਿਆ, ਜਿਸ ਤੋਂ ਬਾਅਦ ਥਾਣਾ ਥਰਮਲ ਪੁਲਿਸ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪੁੱਜੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੋਂ ਬਾਅਦ ਬੱਚੇ ਦਾ ਪੋਸਟਮਾਰਟਮ ਕਰਵਾਇਆ ਗਿਆ।
ਇਸ ਸਬੰਧ ਵਿੱਚ ਡਾਕਟਰ ਰਵੀਕਾਂਤ ਨੇ ਦੱਸਿਆ ਕਿ ਬੱਚਾ ਮਰਿਆ ਹੋਇਆ ਹਸਪਤਾਲ ਵਿੱਚ ਆਇਆ ਸੀ। ਮਰਨ ਦੇ ਕਾਰਨ ਦੀ ਜਾਂਚ ਵਾਸਤੇ ਉਸ ਦਾ ਪੋਸਟਮਾਰਟਮ ਕਰਨਾ ਜ਼ਰੂਰੀ ਸੀ। ਜਿਸ ਕਰਕੇ ਉਨ੍ਹਾਂ ਵੱਲੋਂ ਪੁਲਿਸ ਨੂੰ ਰੁੱਕਾ ਭੇਜਿਆ ਗਿਆ ।
ਥਾਣਾ ਥਰਮਲ ਵਿੱਚ ਤਾਇਨਾਤ ਸਬ-ਇੰਸਪੈਕਟਰ ਬਲਕੋਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰੁੱਕਾ ਮਿਲਿਆ ਸੀ , ਜਿਸ ਤੋਂ ਬਾਅਦ ਪੁਲਿਸ ਨੂੰ ਮਜ਼ਬੂਰਨ ਬੱਚੇ ਦਾ ਪੋਸਟ ਮਾਰਟਮ ਕਰਵਾਉਣਾ ਪਿਆ। ਉਨ੍ਹਾਂ ਨੇ ਦੱਸਿਆ ਕਿ 174 ਦੇ ਤਹਿਤ ਕਾਰਵਾਈ ਕੀਤੀ ਗਈ । ਜੇਕਰ ਉਨ੍ਹਾਂ ਕੋਲ ਰੁੱਕਾ ਨਹੀਂ ਆਉਂਦਾ ਤਾਂ ਉਹ ਬੱਚੇ ਦਾ ਪੋਸਟ ਮਾਰਟਮ ਨਹੀਂ ਕਰਵਾਉਂਦੇ ।