ਬਠਿੰਡਾ: ਲੋਕ ਸਭਾ ਹਲਕਾ ਵਿੱਚ ਬਰਗਾੜੀ ਮੋਰਚੇ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਾਦਲ ਪਰਿਵਾਰ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ ਤੇ 84 ਕਤਲੇਆਮ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ।
ਬੇਅਦਬੀ ਮਾਮਲੇ ਨੂੰ ਲੈ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਬਾਦਲ ਪਰਿਵਾਰ ਨੂੰ ਘੇਰਿਆ
ਬਠਿੰਡਾ ਵਿੱਚ ਬਰਗਾੜੀ ਮੋਰਚੇ ਦੇ ਆਗੂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਬਾਦਲ ਪਰਿਵਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ।
ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਹ ਬਾਦਲ ਪਰਿਵਾਰ ਦਾ ਕਈ ਵਾਰ ਵਿਰੋਧ ਕਰ ਚੁੱਕੇ ਹਾਂ ਤੇ ਹੁਣ ਲੋਕਾਂ ਨੂੰ ਵੀ ਅਕਾਲੀਆਂ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਨੇ ਅਕਾਲੀਆਂ ਨੂੰ ਸਜ਼ਾ ਨਾ ਦਵਾਈ ਤਾਂ ਅਸੀਂ ਕਾਂਗਰਸ ਦਾ ਵੀ ਵਿਰੋਧ ਕਰਾਂਗੇ।
ਕੈਪਟਨ ਵੱਲੋਂ ਐੱਸਜੀਪੀਸੀ ਦੀਆਂ ਚੋਣਾਂ ਦੀ ਗੱਲ ਕਹੇ ਜਾਣ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕਾਂਗਰਸ ਵੀ ਪੰਥ ਦੀ ਦੋਸ਼ੀ ਹੈ, ਜਿਨ੍ਹਾਂ ਨੇ 1984 ਵਿੱਚ ਸਿੱਖ ਕਤਲੇਆਮ ਕਰਵਾਇਆ ਸੀ ਤੇ ਸਿੱਖਾਂ ਨੂੰ ਟਾਇਰ ਪਾ ਕੇ ਸਾੜਿਆ ਸੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦੇ ਚੱਲਦਿਆਂ ਅਜਿਹੀਆਂ ਪਾਰਟੀਆਂ ਨੂੰ ਐੱਸਜੀਪੀਸੀ ਚੋਣ ਲੜਨ ਦਾ ਕੋਈ ਅਧਿਕਾਰ ਨਹੀਂ, ਜੋ ਸਿਰਫ਼ ਪੰਥਕ ਮਾਮਲਾ ਹੈ।