ਬਠਿੰਡਾ :ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅੱਜ ਬਠਿੰਡਾ ਦੌਰੇ 'ਤੇ ਆਏ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਬਾਦਲ ਪਰਿਵਾਰ ਨੂੰ ਨਿਸ਼ਾਨੇ ਉਤੇ ਲਿਆ। ਉਨ੍ਹਾਂ ਨੂੰ ਆਪਣੀ ਲੋਕ ਭਲਾਈ ਪਾਰਟੀ ਖਤਮ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲਾਂ ਵੱਲੋਂ ਉਨ੍ਹਾਂ ਨੂੰ ਸ਼ਾਮਲ ਕਰ ਕੇ ਕੀਤੇ ਵਾਅਦਿਆਂ ਤੋਂ ਮੁੱਕਰਣ ਜੇ ਦੋਸ਼ ਲਾਏ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਸਿੱਖਿਆ ਸੁਧਾਰ ਲਈ ਯਤਨ ਨਹੀਂ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਮੇਟੀ ਅਧੀਨ ਚੱਲਦੇ ਵੱਡੇ ਕਾਲਜਾਂ ਨੂੰ ਮਜ਼ਬੂਤ ਕਰਨ ਲਈ ਜ਼ਿੰਮੇਵਾਰੀ ਨਹੀਂ ਨਿਭਾਈ।
ਬਾਦਲ ਪਰਿਵਾਰ ਨੂੰ ਦਿੱਤੀ ਚੁਣੌਤੀ :ਉਨ੍ਹਾਂ ਐਲਾਨ ਕੀਤਾ ਕਿ ਜੇਕਰ ਬਾਦਲ ਪਰਿਵਾਰ ਦੇ ਤਿੰਨ ਜੀਅ ਉਨ੍ਹਾਂ ਨਾਲ ਕਿਸੇ ਵੀ ਪਲੇਟਫਾਰਮ ਉਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਪੰਜਾਬ ਨੂੰ ਮਜ਼ਬੂਤ ਬਣਾਉਣ ਲਈ "ਕੀ ਕੀਤਾ" ਬਹਿਸ ਕਰ ਲੈਣ, ਜੇਕਰ ਜਿੱਤ ਗਏ ਤਾਂ 11 ਲੱਖ ਦਾ ਇਨਾਮ ਦੇਵਾਂਗਾ। ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵਿਦੇਸ਼ ਭੇਜਣ ਲਈ ਏਜੰਟਾਂ ਨੇ ਵੱਡੀਆਂ ਠੱਗੀਆਂ ਮਾਰੀਆਂ ਪਰ ਸਮੇਂ ਦੀਆਂ ਸਰਕਾਰਾਂ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਉਨ੍ਹਾਂ ਵੱਲੋਂ ਵੱਡੇ ਪੱਧਰ ਉਤੇ ਮੁੰਡੇ ਕੁੜੀਆਂ ਨੂੰ ਬਚਾਕੇ ਪੰਜਾਬ ਵਾਪਸ ਲਿਆਂਦਾ ਗਿਆ ਹੈ।
ਗੰਧਲੀ ਹੋ ਚੁੱਕੀ ਸਿਆਸਤ ਨੂੰ ਸਾਫ ਕਰਨ ਲਈ ਦੁਬਾਰਾ ਸਰਗਰਮ ਹੋਵਾਂਗੇ :ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 40 ਹਜ਼ਾਰ ਸਿੰਘ ਸਭਾਵਾਂ, 14 ਹਜ਼ਾਰ ਤੋਂ ਵੱਧ ਪੰਚਾਇਤਾਂ, ਵਿਧਾਇਕਾਂ ਤੇ ਲੋਕ ਸਭਾ ਮੈਂਬਰਾਂ, ਕਿਸੇ ਵੱਲੋਂ ਵੀ ਠੱਗੀਆਂ ਮਾਰਨ ਵਾਲੇ ਏਜੰਟ ਖ਼ਿਲਾਫ਼ ਆਵਾਜ਼ ਨਹੀਂ ਉਠਾਈ ਗਈ। ਉਨ੍ਹਾਂ ਕਿਹਾ ਕਿ ਗੰਧਲੀ ਹੋ ਚੁੱਕੀ ਸਿਆਸਤ ਨੂੰ ਸਾਫ ਕਰਨ ਲਈ ਦੁਬਾਰਾ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਣਗੇ ਅਤੇ ਲੋਕ ਭਲਾਈ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ।