ਬਠਿੰਡਾ:ਬੀਤੇ ਦਿਨ ਬਠਿੰਡਾ ਦੇ ਥਾਣਾ ਨਥਾਣਾ ਵਿਖੇ ਕੁਝ ਦਿਨ ਪਹਿਲਾਂ ਮੁਸਲਮਾਨ ਪਰਿਵਾਰ ਵੱਲੋਂ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਲਈ ਪਿੰਡ ਲਹਿਰਾ ਦੇ ਰਹਿਣ ਵਾਲੇ ਨੌਜਵਾਨ ਤੇ ਉਸਦੇ ਪਰਿਵਾਰ ਖਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ। ਉਥੇ ਹੀ ਇਸ ਸਬੰਧੀ ਪੁਲਿਸ ਵੱਲੋਂ ਲੜਕੀ ਨੂੰ ਜਦ ਬਠਿੰਡਾ ਅਦਾਲਤ ਵਿਚ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਸਮੇਂ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪਾਰਟੀ ਨਾਲ ਹੱਥੋਪਾਈ ਕਰਦੇ ਹੋਏ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਹੰਗਾਮਾ ਖੜ੍ਹਾ ਹੋ ਗਿਆ ਅਤੇ ਘਟਨਾ ਵਾਲੀ ਥਾਂ ਪਹੁੰਚੀ ਪੁਲਿਸ ਵੱਲੋਂ ਅਗਵਾਕਾਰਾਂ 'ਚ ਸ਼ਾਮਲ ਕੁਝ ਔਰਤਾਂ ਤੇ ਮਰਦਾਂ ਨੂੰ ਹਿਰਾਸਤ ਵਿਚ ਲਿਆ ਗਿਆ।
ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਰਚਾ:ਮਾਮਲੇ 'ਤੇ ਬੋਲਦਿਆਂ ਨਾਬਾਲਗ ਲੜਕੀ ਦੇ ਚਾਚਾ ਕੌਰ ਸਿੰਘ ਦਾ ਕਹਿਣਾ ਹੈ ਕਿ ਨਾਬਾਲਗ ਲੜਕੀ ਨੂੰ ਅੱਜ ਪੁਲਿਸ ਵੱਲੋਂ ਕੋਰਟ ਵਿਚ ਲਿਆਂਦਾ ਗਿਆ ਹੈ ਜਦੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਨਾਬਾਲਗ ਲੜਕੀ ਨੂੰ ਧੱਕੇ ਨਾਲ ਪੁਲਿਸ ਵੱਲੋਂ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਸੀ। ਲੜਕੀ ਦੇ ਪਰਿਵਾਰਕ ਮੈਂਬਰ ਲੜਕੀ ਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਲੜਕੇ ਖਿਲਾਫ ਪਹਿਲਾਂ ਵੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਸੀ ਪੁਲਿਸ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ।
ਹੰਗਾਮੇ ਦੇ ਪ੍ਰਤੱਖਦਰਸ਼ੀ:ਕੋਰਟ ਕੰਪਲੈਕਸ ਵਿੱਚ ਖੜ੍ਹੇ ਲੜਕੇ ਨੇ ਦੱਸਿਆ ਕਿ ਨਾਬਾਲਗ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਪਰ ਲੜਕੀ ਜਾਣਾ ਨਹੀਂ ਚਾਹੁੰਦੀ ਸੀ ਜਿਸ ਕਾਰਨ ਹੱਥੋਪਾਈ ਵੀ ਹੋਈ ਬਾਅਦ ਵਿਚ ਪੁਲਿਸ ਵਾਲੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਬਖਸ਼ੀਖਾਨੇ ਲਾ ਗਏ। ਕੋਰਟ ਵਿਚ ਹੋਏ ਹੰਗਾਮੇ ਦੇ ਪ੍ਰਤੱਖਦਰਸ਼ੀ ਦਾ ਕਹਿਣਾ ਹੈ ਪੁਲਿਸ ਵੱਲੋਂ ਨਾਬਾਲਗ ਲੜਕੀ ਨੂੰ ਕੋਰਟ ਵਿਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਪਰਿਵਾਰਕ ਮੈਂਬਰ ਵਿਰੋਧ ਕਰ ਰਹੇ ਸਨ। ਉਹ ਮੰਗ ਕਰ ਰਹੇ ਸਨ ਕਿ ਇਕ ਵਾਰ ਉਨ੍ਹਾਂ ਦੀ ਲੜਕੀ ਨਾਲ ਗੱਲਬਾਤ ਕਰਵਾਈ ਜਾਵੇ।