ਬਠਿੰਡਾ: ਪਿਛਲੇ ਦਿਨੀਂ ਹਿੰਦੂ ਮਹਾਂ ਗਠਬੰਧਨ ਦੇ ਸੰਦੀਪ ਪਾਠਕ ਉੱਤੇ ਆਪਣੇ ਦਫ਼ਤਰ ਵਿਚ ਬੁਲਾ ਕੇ ਸ਼ਿਵ ਸੈਨਾ ਆਗੂ ਸੁਸ਼ੀਲ ਜਿੰਦਲ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਹੁਣ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਵੱਲੋਂ ਸ਼ਿਵ ਸੈਨਾ ਦੇ ਸੰਗਠਨ ਮੰਤਰੀ ਸ਼ੁਸ਼ੀਲ ਜਿੰਦਲ ਦੇ ਬਿਆਨਾਂ ਉੱਤੇ ਹਿੰਦੂ ਮਹਾਂ ਗਠਬੰਧਨ ਆਗੂ ਸੰਦੀਪ ਪਾਠਕ ਅਤੇ ਉਸਦੇ ਦੋ ਹੋਰ ਸਾਥੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਸ਼ੀਲ ਜਿੰਦਲ ਨੇ ਕਿਹਾ ਕਿ ਪਿਛਲੇ ਦਿਨੀਂ ਹਿੰਦੂ ਮਹਾਂ ਗਠਬੰਧਨ ਦੇ ਸੰਦੀਪ ਪਾਠਕ ਨੇ ਉਸ ਨੂੰ ਫੋਨ ਕਰਕੇ ਆਪਣੇ ਦਫ਼ਤਰ ਬੁਲਾਇਆ ਅਤੇ ਉਸ ਨੂੰ ਸਿੱਖਸ ਫਾਰ ਜਸਟਿਸ ਦੇ ਪੋਸਟਰ ਸ਼ਹਿਰ ਵਿੱਚ ਲਗਾਉਣ ਲਈ ਮਜਬੂਰ ਕੀਤਾ ਅਤੇ 2 ਲੱਖ ਰੁਪਿਆ ਦੇਣ ਦੀ ਗੱਲ ਆਖੀ ਗਈ।
ਬੁਰੀ ਤਰ੍ਹਾਂ ਕੁੱਟਮਾਰ: ਜਦੋਂ ਉਸ ਵੱਲੋਂ ਇਸ ਕੰਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਸੰਦੀਪ ਪਾਠਕ ਅਤੇ ਉਸ ਦੇ ਦੋ ਸਾਥੀਆਂ ਵੱਲੋਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸੁਸ਼ੀਲ ਜਿੰਦਲ ਨੇ ਕਿਹਾ ਕਿ ਸੰਦੀਪ ਪਾਠਕ ਉਸ ਤੋਂ ਅਜਿਹਾ ਕੰਮ ਕਰਵਾਉਣਾ ਚਾਹੁੰਦੇ ਸਨ ਜਿਸ ਨਾਲ ਦੋ ਫਿਰਕਿਆਂ ਵਿੱਚ ਲੜਾਈ ਝਗੜਾ ਹੋਣ ਦੇ ਅਸਾਰ ਬਣਦੇ ਅਤੇ ਜਦੋਂ ਉਸ ਵੱਲੋਂ ਇਨਕਾਰ ਕੀਤਾ ਗਿਆ ਤਾਂ ਉਸ ਨਾਲ ਤਿੰਨ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸੁਸ਼ੀਲ ਜਿੰਦਲ ਨੇ ਕਿਹਾ ਕਿ ਜੇਕਰ ਮੌਕੇ ਉੱਤੇ ਸੰਦੀਪ ਪਾਠਕ ਤੋਂ ਉਸ ਦੇ ਗੰਨਮੈਨ ਨਾ ਛੱਡਵਾਉਂਦੇ ਤਾਂ ਸ਼ਾਇਦ ਉਸ ਦੀ ਜਾਨ ਵੀ ਚਲੀ ਜਾਂਦੀ।