ਬਠਿੰਡਾ: ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ 'ਤੇ ਸਿਆਸਤ ਇੱਕ ਵਾਰ ਫਿਰ ਮੁੜ ਤੋਂ ਭੱਖਦੀ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਫਾਇਰ ਬ੍ਰਿਗੇਡ ਚੌਕ ਤੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ ਆਮ ਆਦਮੀ ਪਾਰਟੀ ਨੂੰ ਦਫ਼ਤਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਬੈਰੀਕੇਟਿੰਗ ਲਗਾ ਦਿੱਤੀ ਗਈ।
ਇਸ ਮੌਕੇ ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਉੱਤੇ 1878 ਕਰੋੜ ਰੁਪਏ ਦਾ ਬਲਕ ਡਰੱਗ ਪਾਰਕ ਬਣਾਉਣ ਜਾ ਰਹੇ ਹਨ। ਜਿਸ ਵਿੱਚ ਕੇਂਦਰ ਸਰਕਾਰ ਦਾ 1000 ਕਰੋੜ ਦਾ ਹਿੱਸਾ ਹੈ ਅਤੇ ਰਾਜ ਸਰਕਾਰ ਦਾ 878 ਕਰੋੜ ਰੁਪਏ ਦਾ ਹਿੱਸਾ ਹੈ। ਇਸ ਪੂਰੇ ਪ੍ਰਾਜੈਕਟ ਵਿੱਚ ਪ੍ਰਾਈਵੇਟ ਘਰਾਣਿਆਂ ਨੂੰ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਸੌਂਪੀ ਜਾ ਰਹੀ ਹੈ ਜਦੋਂ ਕਿ ਚੋਣਾਂ ਤੋਂ ਪਹਿਲਾਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਥਰਮਲ ਪਲਾਂਟ ਨੂੰ ਸੁਚੱਜੇ ਢੰਗ ਨਾਲ ਚਲਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਦੇ ਲਈ 764 ਕਰੋੜ ਰੁਪਏ ਦੀ ਲਾਗਤ ਨਾਲ ਇਸ ਦੀ ਮਸ਼ੀਨਰੀ ਦੀ ਮੁਰੰਮਤ ਕਰਵਾਈ ਗਈ ਸੀ।
ਬਠਿੰਡਾ ਥਰਮਲ ਪਲਾਂਟ ਨੂੰ ਲੈ ਕੇ 'ਆਪ' ਵੱਲੋਂ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ ਰੂਬੀ ਨੇ ਕਿਹਾ ਜੇਕਰ ਇਸ ਨੂੰ ਢਾਹੁਣਾ ਹੀ ਸੀ ਤਾਂ ਲੋਕਾਂ ਦੇ ਟੈਕਸ ਦੁਆਰਾ ਦਿੱਤਾ ਗਿਆ ਪੈਸਾ ਕਿਉਂ ਖ਼ਰਾਬ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਪ੍ਰਾਈਵੇਟ ਨਿੱਜੀ ਕੰਪਨੀਆਂ ਨੂੰ 2 ਰੁਪਏ ਪ੍ਰਤੀ ਯੂਨਿਟ ਅਤੇ ਇੱਕ ਰੁਪਏ 'ਚ ਹਜ਼ਾਰ ਲੀਟਰ ਪਾਣੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਉੱਥੇ ਹੀ ਆਪ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਕਿਸੇ ਪ੍ਰਾਜੈਕਟ ਦਾ ਵਿਰੋਧ ਨਹੀਂ ਕਰਦੀ ਹੈ, ਸਗੋਂ ਬਠਿੰਡਾ ਦੀ ਇਸ ਵਿਰਾਸਤੀ ਥਰਮਲ ਪਲਾਂਟ ਦੀ ਜ਼ਮੀਨ ਨੂੰ ਕੋਡੀਆਂ ਦੇ ਭਾਅ ਵੇਚਣ 'ਤੇ ਇਤਰਾਜ਼ ਕਰਦੀ ਹੈ। ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਜ਼ਾਰਾਂ ਏਕੜ ਜ਼ਮੀਨ ਪ੍ਰਾਜੈਕਟ ਲਈ ਸੌਦਾ ਕੀਤਾ ਗਿਆ ਪਰ ਉੱਥੇ ਹਾਲੇ ਤੱਕ ਪ੍ਰਾਜੈਕਟ ਸ਼ੁਰੂ ਨਹੀਂ ਕੀਤੇ ਗਏ। ਬਲਜਿੰਦਰ ਕੌਰ ਨੇ ਅੱਗੇ ਕਿਹਾ ਕਿ ਇਸ ਪ੍ਰਾਜੈਕਟ ਲਈ ਪਾਵਰਕੌਮ ਵੱਲੋਂ ਇਸ ਜ਼ਮੀਨ 'ਤੇ ਪਹਿਲਾਂ ਸੋਲਰ ਪਲਾਂਟ ਅਤੇ ਫਿਰ ਬਾਇਉਮਾਸ ਲਾਏ ਜਾਣ ਦੀ ਤਾਜਵੀਜ਼ ਰੱਖੀ ਗਈ ਸੀ, ਜੋ ਸਰਕਾਰ ਨੇ ਰੱਦ ਕਰ ਦਿੱਤੀ ਸੀ। ਬਲਜਿੰਦਰ ਨੇ ਕਿਹਾ ਜੇਕਰ ਸਰਕਾਰ ਇਹ ਤਾਜਵੀਜ਼ ਮੰਨ ਲੈਂਦੀ ਤਾਂ ਅੱਜ ਕੁਝ ਹੱਦ ਤੱਕ ਪਰਾਲੀ ਦਾ ਮਾਸਲਾ ਵੀ ਹੱਲ ਹੋ ਸਕਦਾ ਸੀ।
ਇਹ ਵੀ ਪੜੋ: ਕੈਪਟਨ ਅਮਰਿੰਦਰ ਤੇ ਰਾਹੁਲ ਗਾਂਧੀ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ 'ਤੇ ਦਬਾਅ ਪਾਉਣ ਦਾ ਅਹਿਦ