ਬਰਨਾਲਾ: ਰੇਲਵੇ ਸਟੇਸ਼ਨ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਪਿਛਲੇ 5 ਮਹੀਨਿਆਂ ਤੋਂ ਲੱਗੇ ਹੋਏ ਧਰਨੇ ਵਿੱਚ ਪਿੱਛਲੇ ਹਫਤੇ ਪੰਜਾਬ ਦੇ 2 ਸਿਰਕੱਢ ਬੁੱਧੀਜੀਵੀਆਂ ਨੇ ਆਪਣੀ ਹਾਜ਼ਰੀ ਭਰੀ ਅਤੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀਆਂ ਬੌਧਿਕ-ਭਰਪੂਰ ਤਕਰੀਰਾਂ ਨੇ ਅੰਦੋਲਨਕਾਰੀਆਂ ਦੀ ਚੇਤਨਾ ਨੂੰ ਇਕ ਨਵੇਂ ਉਚੇਰੇ ਪੱਧਰ ‘ਤੇ ਪਹੁੰਚਾਉਣ ਦੇ ਨਾਲ-ਨਾਲ ਧਰਨੇ ਵਿੱਚ ਇੱਕ ਨਿਵੇਕਲੀ ਕਿਸਮ ਦੀ ਬੌਧਿਕ ਊਰਜਾ ਦਾ ਸੰਚਾਰ ਕੀਤਾ। ਇਸ ਦੌਰਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਤ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਮੁਖੀ ਡਾਕਟਰ ਭੀਮਇੰਦਰ ਨੇ ਭਗਤ ਰਵੀਦਾਸ ਦੀਆਂ ਸਿਖਿਆਵਾਂ ‘ਤੇ ਚਾਣਨਾ ਪਾਇਆ।
ਇਹ ਵੀ ਪੜੋ: ਜੇਕਰ ਖੇਤੀ ਕਾਨੂੰਨ ਰੱਦ ਹੁੰਦੇ ਹਨ ਤਾਂ ਡਿੱਗ ਸਕਦੀ ਹੈ ਕੇਂਦਰ ਸਰਕਾਰ: ਰੁਲਦੂ ਸਿੰਘ
ਡਾਕਟਰ ਸਾਹਿਬ ਨੇ ਬਹੁਤ ਸੌਖੇ ਤੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਭਗਤ ਰਵੀਦਾਸ ਦੇ ਸਮਾਜਿਕ ਬਾਰਬਰੀ ਤੇ ਨਿਆਂ ਲਈ ਸੰਘਰਸ਼ ਅਤੇ ਜਾਤੀਪ੍ਰਥਾ ਦੇ ਵਿਰੋਧ ਵਿੱਚ ਚਲਾਈ ਲਹਿਰ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਮੌਜੂਦਾ ਕਿਸਾਨੀ ਘੋਲ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਬਹੁਤ ਸਾਰਥਿਕ ਤੇ ਪ੍ਰੇਰਨਾਮਈ ਹਨ। ਜਿਸ ਬੇਗਮਪੁਰੇ ਸ਼ਹਿਰ ਦੀ ਗੱਲ ਭਗਤ ਰਵੀਦਾਸ ਜੀ ਕਰਦੇ ਹਨ। ਅੱਜ ਦਿਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨ ਉਸੇ ਬੇਗਮਪੁਰੇ ਵਾਲੇ ਸਮਾਜਿਕ ਨਿਆਂ ਤੇ ਬਰਾਬਰੀ ਲਈ ਸੰਘਰਸ਼ ਕਰ ਰਹੇ ਹਨ। ਭਗਤ ਰਵੀਦਾਸ ਅਤੇ ਸਾਡੇ ਸਿਖ ਗੁਰੂਆਂ ਨੇ ਜਾਤੀਪ੍ਰਥਾ ਨੂੰ ਮਨੁੱਖਤਾ ਲਈ ਸਰਾਪ ਦੱਸਿਆ ਅਤੇ ਆਪਣੀ ਬਾਣੀ ਵਿਚ ਇਸ ਨੂੰ ਖਤਮ ਕਰਨ ਦੀ ਸਿਖਿਆ ਦਿਤੀ। ਪਰ ਅਫਸੋਸ ਦੀ ਗੱਲ ਹੈ ਕਿ ਅਜੇ ਵੀ ਸਾਡੇ ਪਿੰਡਾਂ ਵੱਖ-ਵੱਖ ਜਾਤਾਂ ਲਈ ਸਿਵੇ ਤੱਕ ਵੀ ਵੱਖ-ਵੱਖ ਹਨ।